ਜੰਮੂ, 17 ਅਗਸਤ
ਇੱਥੇ ਅੱਜ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਸਣੇ ਛੇ ਵਿਅਕਤੀ ਭੇਤਭਰੀ ਹਾਲਤ ਵਿੱਚ ਮਰੇ ਮਿਲੇ। ਪੁਲੀਸ ਨੇ ਮਾਮਲੇ ਦੀ ਪੜਤਾਲ ਲਈ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਦਿੱਤੀ ਹੈ।
ਤਿੰਨ ਮਹਿਲਾਵਾਂ ਸਣੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਇੱਥੋਂ ਦੇ ਸਿਧਰਾ ਖੇਤਰ ਵਿੱਚ ਪੈਂਦੇ ਪੌਸ਼ ਇਲਾਕੇ ਤਵੀ ਵਿਹਾਰ ਵਿੱਚ ਨਾਲ-ਨਾਲ ਲੱਗਦੇ ਦੋ ਮਕਾਨਾਂ ਵਿੱਚੋਂ ਬਰਾਮਦ ਹੋਈਆਂ। ਪੁਲੀਸ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਇਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਨੂਰ ਉਲ ਹਬੀਬ, ਸਕੀਨਾ ਬੇਗਮ, ਉਸ ਦੀ ਧੀ ਨਸੀਮਾ ਅਖਤਰ ਅਤੇ ਪੋਤਰਾ ਸਜਾਦ ਅਹਿਮਦ ਮਾਗਰੇ ਹਬੀਬ ਦੇ ਘਰ ਅੰਦਰ ਮਰੇ ਮਿਲੇ ਜਦਕਿ ਸਕੀਨਾ ਦੀ ਇਕ ਹੋਰ ਧੀ ਰੁਬੀਨਾ ਬਾਨੋ ਅਤੇ ਪੁੱਤਰ ਜ਼ਫ਼ਰ ਸਲੀਮ ਦੀਆਂ ਲਾਸ਼ਾਂ ਨੇੜਲੇ ਘਰ ’ਚੋਂ ਮਿਲੀਆਂ।
ਜੰਮੂ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਕਿਹਾ, ‘‘ਘਟਨਾ ਦੀ ਪੜਤਾਲ ਲਈ ਐੱਸ.ਪੀ. (ਦਿਹਾਤੀ) ਸੰਜੈ ਸ਼ਰਮਾ ਦੀ ਅਗਵਾਈ ਹੇਠ ਇਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।’’
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਹਬੀਬ ਦੀ ਭੈਣ ਸ਼ਹਿਜ਼ਾਦਾ ਜੋ ਸ੍ਰੀਨਗਰ ਦੇ ਬਰਜ਼ੁੱਲਾ ਇਲਾਕੇ ਦੀ ਰਹਿਣ ਵਾਲੀ ਹੈ, ਨੇ ਪੁਲੀਸ ਨੂੰ ਫੋਨ ਕਰ ਕੇ ਸ਼ੱਕ ਜ਼ਾਹਿਰ ਕੀਤਾ ਕਿ ਸ਼ਾਇਦ ਉਸ ਦੇ ਭਰਾ ਨੇ ਖ਼ੁਦਕੁਸ਼ੀ ਕਰ ਲਈ ਹੈ ਕਿਉਂਕਿ ਉਹ ਉਸ ਦੇ ਫੋਨਾਂ ਦਾ ਜਵਾਬ ਨਹੀਂ ਦੇ ਰਿਹਾ ਹੈ। ਹਬੀਬ ਦੇ ਘਰ ਪਹੁੰਚਣ ’ਤੇ ਪੁਲੀਸ ਨੇ ਦੇਖਿਆ ਕਿ ਘਰ ਅੰਦਰੋਂ ਬੰਦ ਸੀ ਅਤੇ ਅੰਦਰੋਂ ਮੁਸ਼ਕ ਮਾਰ ਰਹੀ ਸੀ। ਘਰ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਅੰਦਰੋਂ ਗਲੀ-ਸੜੀ ਹਾਲਤ ਵਿੱਚ ਚਾਰ ਲਾਸ਼ਾਂ ਮਿਲੀਆਂ। ਸਥਾਨਕ ਲੋਕਾਂ ਨੇ ਦੱਸਿਆ ਕਿ ਨੇੜਲਾ ਮਕਾਨ ਸਕੀਨਾ ਦਾ ਹੈ, ਜੋ ਕਿ ਵਿਧਵਾ ਹੈ ਅਤੇ ਮੂਲ ਰੂਪ ਤੋਂ ਡੋਡਾ ਜ਼ਿਲ੍ਹੇ ਨਾਲ ਸਬੰਧਤ ਹੈ। ਜਦੋਂ ਪੁਲੀਸ ਦੂਜੇ ਘਰ ਵਿੱਚ ਪਹੁੰਚੀ ਤਾਂ ਉੱਥੋਂ ਵੀ ਦੋ ਲਾਸ਼ਾਂ ਮਿਲੀਆਂ। -ਪੀਟੀਆਈ