ਨਵੀਂ ਦਿੱਲੀ, 14 ਅਗਸਤ
ਭਾਰਤ ਦਾ ਤੀਜਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ‘ਸ਼ੌਰਿਆ ਚੱਕਰ’ ਪਿਛਲੇ ਸਾਲ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਰੋਕੂ ਮੁਹਿੰਮਾਂ ਵਿੱਚ ਬਹਾਦਰੀ ਦਿਖਾਉਣ ਵਾਲੇ ਛੇ ਜਵਾਨਾਂ ਨੂੰ ਦਿੱਤਾ ਗਿਆ ਹੈ। ਭਾਰਤੀ ਫ਼ੌਜ ਮੁਤਾਬਕ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮੇਜਰ ਅਰੁਣ ਕੁਮਾਰ ਪਾਂਡੇ, ਮੇਜਰ ਰਵੀ ਕੁਮਾਰ ਚੌਧਰੀ, ਕੈਪਟਨ ਆਸ਼ੂਤੋਸ਼ ਕੁਮਾਰ (ਮਰਨ ਉਪਰੰਤ), ਕੈਪਟਨ ਵਿਕਾਸ ਖੱਤਰੀ, ਰਾਈਫਲਮੈਨ ਮੁਕੇਸ਼ ਕੁਮਾਰ ਅਤੇ ਸਿਪਾਹੀ ਨੀਰਜ ਅਹਿਲਾਵਤ ਸ਼ਾਮਲ ਹਨ। ਇਸੇ ਤਰ੍ਹਾਂ ਲੋਕ ਸਭਾ ਚੋਣਾਂ-2019 ਦੌਰਾਨ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਨਾਲ ਲੋਹਾ ਲੈਣ ਵਾਲੇ ਕੋਬਰਾ ਕਮਾਂਡੋ ਦੇ ਤਿੰਨ ਜਵਾਨਾਂ ਨੂੰ ‘ਸ਼ੌਰਿਆ ਚੱਕਰ’ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ਵਿੱਚ ਕੋਬਰਾ ਕਮਾਂਡੋ ਦੀ 201ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਚਿਤੇਸ਼ ਕੁਮਾਰ, ਸਬ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਕਾਂਸਟੇਬਲ ਸੁਨੀਲ ਚੌਧਰੀ ਸ਼ਾਮਲ ਹਨ।