ਜੰਮੂ, 2 ਜਨਵਰੀ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਪਟਨੀਟੋਪ ਹਿੱਲ ਸਟੇਸ਼ਨ ਨੇੜੇ ਵਾਹਨ ਤੇ ਟੈਂਕਰ ਵਿਚਾਲੇ ਸਿੱਧੀ ਟੱਕਰ ਹੋ ਗਈ, ਜਿਸ ਵਿੱਚ 16 ਸੈਲਾਨੀ ਜ਼ਖ਼ਮੀ ਹੋ ਗਏ। ਜ਼ਿਆਦਾਤਰ ਸੈਲਾਨੀ ਦਿੱਲੀ ਨਾਲ ਸਬੰਧਿਤ ਸਨ। ਉਹ ਪਹਾੜੀ ਖੇਤਰ ਤੋਂ ਵਾਪਸ ਪਰਤ ਰਹੇ ਸਨ। ਜਦੋਂ ਉਹ ਕੁਡ ਨੇੜੇ ਪਹੁੰਚੇ ਤਾਂ ਇਹ ਹਾਦਸਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਨੂੰ ਲਿਜਾ ਰਹੀ ਮਿਨੀ ਬੱਸ ਦੀ ਸਾਹਮਣਿਓਂ ਆਉਂਦੇ ਤੇਲ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਊਧਮਪੁਰ ਜ਼ਿਲ੍ਹੇ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦਸ ਜਣਿਆਂ ਨੂੰ ਬਾਅਦ ਵਿੱਚ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਦੋ ਲੜਕੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -ਪੀਟੀਆਈ