ਨਵੀਂ ਦਿੱਲੀ, 28 ਜੁਲਾਈ
ਸਰਕਾਰ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਜੰਮੂ ਕਸ਼ਮੀਰ ’ਚ ਹਾਲਾਤ ਆਮ ਵਾਂਗ ਹੋਣ ਮਗਰੋਂ ਹੀ ਰਾਜ ਦਾ ਦਰਜਾ ਢੁੱਕਵੇਂ ਸਮੇਂ ’ਤੇ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ’ਚ ਲਿਖਤੀ ਜਵਾਬ ਦੌਰਾਨ ਇਹ ਜਾਣਕਾਰੀ ਦਿੱਤੀ। ਸਰਕਾਰ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਜੰਮੂ ਕਸ਼ਮੀਰ ’ਚ ਸੂਬੇ ਦਾ ਦਰਜਾ ਬਹਾਲ ਕਰਨ ਦੀ ਕੋਈ ਤਜਵੀਜ਼ ਹੈ ਅਤੇ ਕੀ ਸੰਚਾਰ ਦੇ ਵੱਖ ਵੱਖ ਸਾਧਨਾਂ ’ਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਲੱਗੀ ਪਾਬੰਦੀ ਨੂੰ ਹਟਾਉਣ ਲਈ ਕੋਈ ਯਤਨ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਸੰਵਿਧਾਨਕ ਬਦਲਾਵਾਂ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਕਾਰਨ ਦੇਸ਼ ਹਿੱਤ ਤੇ ਸੁਰੱਖਿਆ ਕਾਰਨਾਂ ਕਰਕੇ ਸੰਚਾਰ ਦੇ ਵੱਖ ਵੱਖ ਸਾਧਨਾਂ ਜਿਵੇਂ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ’ਤੇ ਆਰਜ਼ੀ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਪਾਬੰਦੀਆਂ ਦੀ ਨਜ਼ਰਸਾਨੀ ਕਰਕੇ ਉਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਹਟਾਇਆ ਜਾ ਰਿਹਾ ਹੈ। -ਪੀਟੀਆਈ