ਮੁੱਖ ਅੰਸ਼
- ਰਾਜ ਦਾ ਵਿਸ਼ੇਸ਼ ਦਰਜਾ ਖਤਮ ਹੋਣ ਮਗਰੋਂ ਲੋਕਾਂ ਨੂੰ ਸਹੂਲਤਾਂ ਮਿਲਣ ਦਾ ਕੀਤਾ ਦਾਅਵਾ
- ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਰੱਖੇ ਸਮਾਗਮ ਨੂੰ ਕੀਤਾ ਸੰਬੋਧਨ
ਪੱਲੀ (ਜੰਮੂ ਕਸ਼ਮੀਰ), 24 ਅਪਰੈਲ
ਪ੍ਰਧਾਨ ਮਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਲੋਕਤੰਤਰ ਤੇ ਦ੍ਰਿੜ੍ਹ ਸੰਕਲਪ ਦੀ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ ਤੇ ਇੱਥੇ ਪਿਛਲੇ ਦੋ-ਤਿੰਨ ਸਾਲਾਂ ’ਚ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਮਦਾਂ 2019 ’ਚ ਹਟਾਏ ਜਾਣ ਮਗਰੋਂ ਜੰਮੂ ਕਸ਼ਮੀਰ ਦੀ ਪਹਿਲੀ ਫੇਰੀ ’ਤੇ ਇੱਥੇ ਆਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 38 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਨਿੱਜੀ ਖੇਤਰ ਤੋਂ ਆਇਆ ਹੈ ਤੇ ਇੱਥੇ ਵੱਡੀ ਗਿਣਤੀ ’ਚ ਸੈਲਾਨੀਆਂ ਦੀ ਆਮਦ ਦੇਖੀ ਜਾ ਰਹੀ ਹੈ। ਪ੍ਰਧਾਨ ਮਤਰੀ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਜੰਮੂ ਤੋਂ ਕਰੀਬ 17 ਕਿਲੋਮੀਟਰ ਦੂਰ ਸਾਂਬਾ ਜ਼ਿਲ੍ਹੇ ਦੇ ਪੱਲੀ ਪਿੰਡ ’ਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਭਾਸ਼ਣ ਦਾ ਪ੍ਰਸਾਰਨ ਦੇਸ਼ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ’ਚ ਕੀਤਾ ਗਿਆ। ਉਨ੍ਹਾਂ ਜੰਮੂ ਕਸ਼ਮੀਰ ਲਈ 20 ਹਜ਼ਾਰ ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਯੂਟੀ ਦੇ ਲੋਕਾਂ ਲਈ 175 ਕੇਂਦਰੀ ਕਾਨੂੰਨ ਤੇ ਪੰਚਾਇਤੀ ਰਾਜ ਪ੍ਰਬੰਧ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਵਿਦੇਸ਼ ਦਰਜਾ ਮਿਲਿਆ ਹੋਇਆ ਸੀ, ਇੱਥੋਂ ਦੇ ਲੋਕ ਅਜਿਹੇ ਲਾਭਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ਲੋਕਤੰਤਰ ਤੇ ਦ੍ਰਿੜ੍ਹ ਸੰਕਲਪ ਦੀ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਇੱਥੇ ਪਿਛਲੇ ਦੋ ਤਿੰਨ ਸਾਲਾਂ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।’ ਮੋਦੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲੀ ਵਾਰ ਜੰਮੂ ਕਸ਼ਮੀਰ ’ਚ ਕੁਝ ਮਹੀਨੇ ਪਹਿਲਾਂ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਲਈ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈਆਂ।
ਉਨ੍ਹਾਂ ਕਿਹਾ, ‘ਪੰਚਾਇਤੀ ਰਾਜ ਪ੍ਰਬੰਧ ਇੱਕ ਚੰਗੀ ਯੋਜਨਾ ਸੀ। ਇਸ ਦਾ ਢਿੰਡੋਰਾ ਪਿੱਟਿਆ ਗਿਆ। ਲੋਕਾਂ ਨੂੰ ਇਸ ’ਚ ਮਾਣ ਹੁੰਦਾ ਸੀ ਜਿਸ ’ਚ ਕੁਝ ਵੀ ਗਲਤ ਨਹੀਂ ਸੀ। ਦਿੱਲੀ ’ਚ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਜਨਤਾ ਇਸ ਪ੍ਰਬੰਧ ਤੋਂ ਵਾਂਝੀ ਸੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਪੰਚਾਇਤਾਂ ਨੂੰ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ 22 ਹਜ਼ਾਰ ਕਰੋੜ ਰੁਪਏ ਦਾ ਫੰਡ ਸਿੱਧੇ ਦਿੱਤੇ ਜਦਕਿ ਇਸ ਤੋਂ ਪਹਿਲਾਂ ਇਸ ਮਦ ’ਚ ਪੰਜ ਹਜ਼ਾਰ ਕਰੋੜ ਰੁਪਏ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਇਸ ਨਾਲ ਯੂਟੀ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜੰਮੂ ਕਸ਼ਮੀਰ ਦੇ ਸਾਰੇ ਇਲਾਕੇ ਸਾਲ ਦੇ 12 ਮਹੀਨੇ ਆਪਸ ’ਚ ਜੁੜੇ ਰਹਿਣ। ਮੋਦੀ ਨੇ ਜੰਮੂ ਕਸ਼ਮੀਰ ਦੇ ਪੰਚਾਇਤੀ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਖੇਤੀਬਾੜੀ ਲਈ ਸੋਲਰ ਪੰਪਾਂ ਦੀ ਵਰਤੋਂ ਦੇ ਮਹੱਤਵ ’ਤੇ ਵੀ ਗੱਲਬਾਤ ਕੀਤੀ। -ਪੀਟੀਆਈ
ਪੱਲੀ ਦੇਸ਼ ਦੀ ਪਹਿਲੀ ‘ਕਾਰਬਨ ਨਿਊਟਰਲ ਪੰਚਾਇਤ’ ਬਣੀ
ਪੱਲੀ: ਜੰਮੂ ਕਸ਼ਮੀਰ ਦੇ ਸਰਹੱਦੀ ਸਾਂਬਾ ਜ਼ਿਲ੍ਹੇ ’ਚ ਸਥਿਤ ਪਿੰਡ ਪੱਲੀ ਅੱਜ ਦੇਸ਼ ਦੀ ਪਹਿਲੀ ‘ਕਾਰਬਨ ਨਿਊਟਰਲ ਪੰਚਾਇਤ’ ਵਜੋਂ ਭਾਰਤ ਦੇ ਇਤਿਹਾਸ ’ਚ ਦਰਜ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਕਾਰਡ ਤਿੰਨ ਹਫ਼ਤਿਆਂ ਅੰਦਰ ਲਾਏ 500 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਦੇਸ਼ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਲੀ ਨੇ ਦੇਸ਼ ਨੂੰ ਕਾਰਬਨ ਨਿਊਟਰਲ ਮੁਲਕ ਦਾ ਟੀਚਾ ਹਾਸਲ ਕਰਨ ਦਾ ਰਾਹ ਦਿਖਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 6,408 ਵਰਗ ਮੀਟਰ ਖੇਤਰ ’ਚ ਲੱਗੇ ਸਾਰੇ 1500 ਸੋਲਰ ਪੈਨਲ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਆਧੁਨਿਕ ਪੰਚਾਇਤਾਂ ਦੇ 340 ਘਰਾਂ ਨੂੰ ਬਿਜਲੀ ਮੁਹੱਈਆ ਕਰਨਗੇ। -ਪੀਟੀਆਈ
ਕਸ਼ਮੀਰੀ ਪੰਡਤਾਂ ਨੇ ਦਿੱਤਾ ਧਰਨਾ
ਜੰਮੂ: ਜੰਮੂ ਕਸ਼ਮੀਰ ਦੇ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਦਾ ਧਿਆਨ ਘਾਟੀ ਤੋਂ ਵੱਡੇ ਪੱਧਰ ’ਤੇ ਕਸ਼ਮੀਰੀ ਪੰਡਤਾਂ ਨੂੰ ਕੱਢੇ ਜਾਣ ਦੀ ਜਾਂਚ ਲਈ ਕਮਿਸ਼ਨ ਬਣਾਉਣ ਵੱਲ ਦਿਵਾਉਣ ਲਈ ਅੱਜ ਕਸ਼ਮੀਰੀ ਪੰਡਤਾਂ ਨੇ ਇੱਥੇ ਧਰਨਾ ਦਿੱਤਾ। ਸੰਦੀਪ ਮਾਵਾ ਦੀ ਅਗਵਾਈ ਹੇਠ ਕਸ਼ਮੀਰੀ ਪੰਡਤ ਵਾਲੰਟੀਅਰਜ਼ (ਕੇਪੀਵੀ) ਦੇ ਮੈਂਬਰ ਆਪਣੀਆਂ ਮੰਗਾਂ ਦੇ ਹੱਕ ਵਿੱਚ ਪਿਛਲੇ ਚਾਰ ਦਿਨਾਂ ਤੋਂ ਸ੍ਰੀਨਗਰ ’ਚ ਮਰਨ ਵਰਤ ’ਤੇ ਬੈਠੇ ਹੋਏ ਹਨ। ਕੇਵੀਪੀ ਦੇ ਇਕ ਹੋਰ ਗਰੁੱਪ ਨੇ ਵਿਕਰਮ ਕੌਲ ਦੀ ਅਗਵਾਈ ਹੇਠ ਇੱਥੇ ਪ੍ਰੈੱਸ ਕਲੱਬ ਨੇੜੇ ਧਰਨਾ ਦਿੱਤਾ ਪਰ ਪੁਲੀਸ ਨੇ ਮੋਦੀ ਦੇ ਦੌਰੇ ਕਾਰਨ ਉਹ ਥਾਂ ਖਾਲੀ ਕਰਵਾ ਲਈ। ਕੇਪੀਵੀ ਦੇ ਮੈਂਬਰਾਂ ਨੇ 1990 ’ਚ ਅਤਿਵਾਦ ਦੇ ਉਭਾਰ ਮਗਰੋਂ ਹੋਈਆਂ ਹੱਤਿਆਵਾਂ ਤੇ ਮੰਦਰ ਤੋੜੇ ਜਾਣ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ। ਮਾਵਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਕੁਝ ਦਿਨਾਂ ਅੰਦਰ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਆਤਮਦਾਹ ਕਰ ਲੈਣਗੇ। -ਪੀਟੀਆਈ
ਮੁਸੀਬਤਾਂ ਨਹੀਂ ਹੰਢਾਉਣਗੇ ਘਾਟੀ ਦੇ ਨੌਜਵਾਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਵਿਕਾਸ ਦੀ ਤੇਜ਼ ਰਫ਼ਤਾਰ ਦੇ ਨਾਲ ਰੁਜ਼ਗਾਰ ਮਿਲੇਗਾ। ਮੋਦੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਜੋ ਮੁਸੀਬਤਾਂ ਝੱਲੀਆਂ, ਉਨ੍ਹਾਂ ਨੂੰ ਨਹੀਂ ਝੱਲਣੀਆਂ ਪੈਣਗੀਆਂ। ਪ੍ਰਧਾਨ ਮੰਤਰੀ ਨੇ ਕਸ਼ਮੀਰ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਘਾਟੀ ਦੇ ਨੌਜਵਾਨੋਂ, ਤੁਹਾਡੇ ਮਾਪਿਆਂ, ਤੁਹਾਡੇ ਦਾਦਾ-ਦਾਦੀ, ਤੁਹਾਡੇ ਨਾਨਾ-ਨਾਨੀ ਨੇ ਮੁਸੀਬਤ ਭਰੀ ਜ਼ਿੰਦਗੀ ਬਿਤਾਈ ਹੈ। ਮੇਰੇ ਨੌਜਵਾਨੋਂ, ਤੁਸੀਂ ਅਜਿਹੀ ਮੁਸੀਬਤ ਭਰੀ ਜ਼ਿੰਦਗੀ ਨਹੀਂ ਬਿਤਾਓਗੇ। ਮੈਂ ਇਹ ਭਰੋਸਾ ਦਿਵਾਉਂਦਾ ਹਾਂ।’
ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਕਸ਼ਮੀਰ ’ਚ 20 ਹਜ਼ਾਰ ਕਰੋੜ ਰੁਪਏ ਵੱਧ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ। ਇਨ੍ਹਾਂ ’ਚ ਬਨਿਹਾਲ-ਕਾਜ਼ੀਗੁੰਡ ਸੜਕੀ ਸੁਰੰਗ ਖੋਲ੍ਹਣਾ ਵੀ ਸ਼ਾਮਲ ਹੈ ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋਵਾਂ ਖੇਤਰਾਂ ਵਿਚਾਲੇ 12 ਮਹੀਨੇ ਸੰਪਰਕ ਦੀ ਸਹੂਲਤ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ 20 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਜੰਮੂ ਕਸ਼ਮੀਰ ਦੇ ਵਿਕਾਸ ਨੂੰ ਨਵੀਂ ਰਫਤਾਰ ਦੇਵੇਗਾ।’ ਪ੍ਰਧਾਨ ਮੰਤਰੀ ਨੇ 8.45 ਕਿਲੋਮੀਟਰ ਲੰਮੀ ਬਨਿਹਾਲ-ਕਾਜ਼ੀਗੁੰਡ ਸੜਕੀ ਸੁਰੰਗ ਦਾ ਉਦਘਾਟਨ ਕੀਤਾ। ਉਨ੍ਹਾਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਨਾਲ ਸਬੰਧਤ ਤਿੰਨ ਸੜਕੀ ਪ੍ਰਾਜੈਕਟਾਂ ਦੀ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੇਸ਼ ਦੇ ਹਰ ਜ਼ਿਲ੍ਹੇ ’ਚ 75 ਜਲ ਸਰੋਤਾਂ ਦੇ ਵਿਕਾਸ ਤੇ ਸੁਧਾਰ ਲਈ ‘ਅੰਮ੍ਰਿਤ ਸਰੋਵਰ’ ਪਹਿਲ ਦੀ ਵੀ ਸ਼ੁਰੂਆਤ ਕੀਤੀ। ਹੋਰਨਾਂ ਪ੍ਰਾਜੈਕਟਾਂ ਤਹਿਤ ਉਨ੍ਹਾਂ ਕਿਸ਼ਤਵਾੜ ’ਚ ਚਿਨਾਬ ਦਰਿਆ ’ਤੇ ਰਤਲੇ ਤੇ ਕਵਾਰ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।