ਨਵੀਂ ਦਿੱਲੀ: ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਨੇ ਪਿਛਲੇ ਦੋ ਸਾਲਾਂ ਵਿਚ ਅਸਲੀ ਲੋਕਤੰਤਰ ਦੇਖਿਆ ਹੈ। ਇਸ ਖਿੱਤੇ ਵਿਚ ਇਸ ਸਮੇਂ ਦੌਰਾਨ ਖਾਸੀ ਤਰੱਕੀ ਹੋਈ ਤੇ ਸਰਕਾਰ ਤੇ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ। ਉਨ੍ਹਾਂ ਇਹ ਪ੍ਰਗਟਾਵਾ ਇਸ ਰਾਜ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੀ ਦੂਜੀ ਵਰੇਗੰਢ ਮੌਕੇ ਟਵੀਟ ਕਰ ਕੇ ਕੀਤਾ। ਜੰਮੂ ਤੇ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਵਿਸ਼ੇਸ਼ ਦਰਜਾ ਮਿਲਿਆ ਸੀ ਤੇ ਕੇਂਦਰ ਨੇ 5 ਅਗਸਤ 2019 ਨੂੰ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਸੀ ਤੇ ਇਸ ਨੂੰ ਦੋ ਯੂਟੀਜ਼ ਵਿਚ ਵੰਡ ਦਿੱਤਾ ਸੀ। ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਨਾਲ ਜੰਮੂ-ਕਸ਼ਮੀਰ ਵਿਚ ਸ਼ਾਂਤੀ ਦਾ ਪਸਾਰ ਹੋਇਆ ਤੇ ਪੂਰੇ ਖਿੱਤੇ ਦੀ ਤਰੱਕੀ ਹੋਈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੂਨ ਵਿਚ ਕਿਹਾ ਸੀ ਕਿ ਜੰਮੂ-ਕਸ਼ਮੀਰ ਤੇ ਲਦਾਖ ਦੇ ਯੂਟੀਜ਼ ਬਣਨ ਨਾਲ ਕੌਮੀ ਸੁਰੱਖਿਆ ਵਿਚ ਵਾਧਾ ਹੋਇਆ ਤੇ ਦਹਿਸ਼ਤੀ ਕਾਰਵਾਈਆਂ ਵਿਚ ਵੀ ਭਾਰੀ ਗਿਰਾਵਟ ਆਈ। -ਪੀਟੀਆਈ