ਸ੍ਰੀਨਗਰ, 13 ਜੂਨ
ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਵੱਲੋਂ ਪਾਕਿਸਤਾਨ ਆਧਾਰਿਤ ਦਹਿਸ਼ਤੀ ਗੁੱਟਾਂ ਨੂੰ ਭੇਜੇ ਗਏ ਕਥਿਤ ਈ-ਮੇਲ ਬਹਾਲ ਰੱਖਣ ਲਈ ਜੰਮੂ-ਕਸ਼ਮੀਰ ਪੁਲੀਸ ਨੇ ਗੂਗਲ ਅਤੇ ਅਮਰੀਕੀ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ। ਪਾਰਾ ਖ਼ਿਲਾਫ਼ ਯੂਏਪੀਏ ਤਹਿਤ ਦੋਸ਼ ਲਾਏ ਗਏ ਹਨ ਕਿ ਉਸ ਨੇ ਸਿਆਸੀ ਲਾਹਿਆਂ ਲਈ ਦਹਿਸ਼ਤਗਰਦਾਂ ਦੀ ਸਹਾਇਤਾ ਲਈ ਅਤੇ ਇਸ ਦੀ ਇਵਜ਼ ’ਚ ਦਹਿਸ਼ਤਗਰਦਾਂ ਨੂੰ ਸਹਾਇਤਾ ਦਿੱਤੀ ਜਿਸ ਕਾਰਨ ਦਹਿਸ਼ਤੀ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ। ਜੰਮੂ-ਕਸ਼ਮੀਰ ਪੁਲੀਸ ਨੇ ਵਿਦੇਸ਼ ਮੰਤਰਾਲੇ ਰਾਹੀਂ ਅਮਰੀਕੀ ਅਧਿਕਾਰੀਆਂ ਕੋਲ ਪਹੁੰਚ ਕਰਦਿਆਂ ਆਪਸੀ ਕਾਨੂੰਨੀ ਸਹਿਯੋਗ ਸੰਧੀ ਦੀਆਂ ਧਾਰਾਵਾਂ ਦਾ ਜ਼ਿਕਰ ਵੀ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਕਸ਼ਮੀਰ ਨੇ ਪਾਰਾ ਖ਼ਿਲਾਫ਼ ਸਥਾਨਕ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਦਕਿ ਐੱਨਆਈਏ ਨੇ ਵੀ ਵੱਖਵਾਦੀ ਆਗੂ ਸੱਯਦ ਅਲੀ ਗਿਲਾਨੀ ਦੇ ਜਵਾਈ ਨੂੰ ਪੰਜ ਕਰੋੜ ਰੁਪਏ ਦੇਣ ਲਈ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਹੋਈ ਹੈ। ਪਾਰਾ ’ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਹਿਜ਼ਬੁਲ ਦਹਿਸ਼ਤਗਰਦ ਬੁਰਹਾਨ ਵਾਨੀ ਦੀ 2016 ’ਚ ਮੌਤ ਤੋਂ ਬਾਅਦ ਵਾਦੀ ’ਚ ਹਿੰਸਾ ਭੜਕਾਉਣ ਲਈ ਇਹ ਰਕਮ ਦਿੱਤੀ ਸੀ। ਉਂਜ ਪਾਰਾ ਅਤੇ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹਨ। -ਆਈਏਐਨਐਸ