ਬਨਿਹਾਲ/ਜੰਮੂ, 10 ਜਨਵਰੀ
ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਰਾਮਬਨ ਜ਼ਿਲ੍ਹੇ ਵਿਚ ਭਾਰੀ ਬਰਫ਼ਬਾਰੀ ਅਤੇ ਕਈ ਢਿੱਗਾਂ ਡਿੱਗਣ ਕਾਰਨ ਪਿਛਲੇ ਤਿੰਨ ਦਿਨਾਂ ਤੱਕ ਬੰਦ ਰਹਿਣ ਮਗਰੋਂ ਅੱਜ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ। ਐੱਸਐੱਸਪੀ (ਟਰੈਫਿਕ-ਕੌਮੀ ਸ਼ਾਹਰਾਹ) ਸ਼ਬੀਰ ਅਹਿਮਦ ਮਲਿਕ ਨੇ ਦੱਸਿਆ ਕਿ ਸ੍ਰੀਨਗਰ ਤੋਂ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਥਿਆਲ ਅਤੇ ਮਾਰੂਗ ਵਿਚ ਢਿੱਗਾਂ ਡਿੱਗਣ ਤੋਂ ਬਾਅਦ ਸੜਕਾਂ ਤੋਂ ਮਲਬਾ ਸਾਫ਼ ਕਰਵਾਇਆ ਗਿਆ ਜਿਸ ਮਗਰੋਂ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਆਵਾਜਾਈ ਯਕੀਨੀ ਬਣਾਉਣ ਲਈ ਕੁਝ ਥਾਵਾਂ ’ਤੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। -ਪੀਟੀਆਈ