ਸ੍ਰੀਨਗਰ, 5 ਅਪਰੈਲ
ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ 2019 ਵਿੱਚ ਧਾਰਾ 370 ਖ਼ਤਮ ਹੋਣ ਦੇ ਬਾਅਦ ਤੋਂ ਜੰਮੂ ਕਸ਼ਮੀਰ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਹੋ ਚੁੱਕਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹਿਬੂਬਾ ਮੁਫ਼ਤੀ ਨੇ ਕਿਹਾ, ‘‘ਮੀਰਵਾਈਜ਼ ਉਮਰ ਫਾਰੂਕ ਘਰ ਵਿੱਚ ਨਜ਼ਰਬੰਦ ਹਨ। ਸਾਡੇ ਮਦਰੱਸੇ ਢਾਹ ਦਿੱਤੇ ਗਏ ਹਨ। ਮੁਸਲਮਾਨ ਭਾਈਚਾਰਾ ਖ਼ਤਰੇ ਵਿੱਚ ਹੈ। ਮੈਂ ਭਵਿੱਖ ਨੂੰ ਲੈ ਕੇ ਚਿੰਤਤ ਹਾਂ। ਉਹ ਚੀਜ਼ਾਂ ਜਿਹੜੀਆਂ ਕਿ 5 ਅਗਸਤ 2019 ਨੂੰ ਸ਼ੁਰੂ ਹੋਈਆਂ ਸਨ, ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਹ ਸਭ ਕੁਝ ਅਜੇ ਵੀ ਚੱਲ ਰਿਹਾ ਹੈ। ਜੰਮੂ ਕਸ਼ਮੀਰ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਹੋ ਚੁੱਕਾ ਹੈ।’’ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਹਜ਼ਰਤਬਲ ਦਰਗਾਹ ਵਿੱਚ ਅੱਜ ਜੁੰਮੇ ਦੀ ਨਮਾਜ਼ ਵੀ ਅਦਾ ਕੀਤੀ।
‘ਇੰਡੀਆ’ ਗੱਠਜੋੜ ਨੂੰ ਤਕੜਾ ਝਟਕਾ ਦਿੰਦਿਆਂ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਸਭ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ। ਉਨ੍ਹਾਂ ਇਹ ਐਲਾਨ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਵੱਲੋਂ ਕਸ਼ਮੀਰ ਦੀਆਂ ਸਾਰੀਆਂ ਤਿੰਨ ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਉਤਾਰਨ ਸਬੰਧੀ ਕੀਤੇ ਗਏ ਐਲਾਨ ਤੋਂ ਇਕ ਦਿਨ ਬਾਅਦ ਕੀਤਾ ਸੀ। ਮੁਫ਼ਤੀ ਨੇ ਕਿਹਾ, ‘‘ਮੁੰਬਈ ਵਿੱਚ ਮੈਂ ਕਿਹਾ ਸੀ ਕਿ ਫਾਰੂਕ ਅਬਦੁੱਲਾ ਸਾਡਾ ਸਭ ਤੋਂ ਵਧੀਆ ਨੁਮਾਇੰਦਾ ਹੈ ਅਤੇ ਉਹੀ ਚੋਣਾਂ ਸਬੰਧੀ ਫੈਸਲੇ ਲੈਣਗੇ। ਉਮਰ ਅਬਦੁੱਲਾ ਨੂੰ ਵਧੇਰੇ ਹਿੱਤਾਂ ਲਈ ਇਸ ਬਾਰੇ ਮੇਰੇ ਨਾਲ ਚਰਚਾ ਕਰਨੀ ਚਾਹੀਦੀ ਸੀ।’’ ਜ਼ਿਕਰਯੋਗ ਹੈ ਕਿ ਨੈਸ਼ਨਲ ਕਾਨਫ਼ਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੋਵੇਂ ਹੀ ਭਾਜਪਾ ਨੂੰ ਮਾਤ ਦੇਣ ਲਈ ਬਣਾਏ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਹਨ। ਇਹ ਦੋਵੇਂ ਖੇਤਰੀ ਪਾਰਟੀਆਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਬਣਾਏ ਗਏ ਗੁਪਕਾਰ ਐਲਾਨਨਾਮਾ ਗੱਠਜੋੜ ਦੇ ਦੋ ਅਹਿਮ ਤੱਤ ਵੀ ਹਨ। -ਏਐੱਨਆਈ