ਸ੍ਰੀਨਗਰ, 6 ਜੁਲਾਈ
ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਜੀ.ਏ. ਮੀਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਹ ਅਸਤੀਫ਼ਾ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਪਾਰਟੀ ਇਕਾਈ ਦੇ ਪੁਨਰਗਠਨ ਲਈ ਦਿੱਤਾ ਹੈ। ਮੀਰ ਨੇ ਅੱਜ ਕਿਹਾ, ‘‘ਇਹ ਕਾਂਗਰਸ ਦੀ ਰਵਾਇਤ ਹੈ ਕਿ ਕਿਸੇ ਫੇਰਬਦਲ ਤੋਂ ਪਹਿਲਾਂ ਪਾਰਟੀ ਦੇ ਮੌਜੂਦਾ ਅਹੁਦੇਦਾਰ ਆਪਣਾ ਅਸਤੀਫ਼ਾ ਦੇ ਦਿੰਦੇ ਹਨ। ਮੈਂ ਵੀ ਇਹੀ ਕੀਤਾ ਹੈ।’’ ਜੀ.ਏ. ਮੀਰ ਨੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ। ਸੱਤ ਸਾਲਾਂ ਤੋਂ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਜੀ.ਏ. ਮੀਰ ਨੇ ਅਸਤੀਫ਼ੇ ਪਿੱਛੇ ਕਾਰਨ ਪਾਰਟੀ ਇਕਾਈ ਵਿੱਚ ਅੰਦਰੂਨੀ ਲੜਾਈ ਹੋਣ ਦੀਆਂ ਅਟਕਲਾਂ ਨੂੰ ਵੀ ਖਾਰਜ ਕੀਤਾ ਹੈ।