ਨਵੀਂ ਦਿੱਲੀ, 16 ਦਸੰਬਰ
ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਬੇਨਤੀ ਕੀਤੀ ਕਿ ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ ਪੰਕਜ ਮਿਥਲ ਨੂੰ ਅਹੁਦੇ ਤੋਂ ਹਟਾਇਆ ਜਾਵੇ ਕਿਉਂਕਿ ਉਨ੍ਹਾਂ ਕਥਿਤ ਤੌਰ ’ਤੇ ‘ਭਾਰਤ ਦੇ ਸੰਵਿਧਾਨ ਵਿਰੁੱਧ ਟਿੱਪਣੀਆਂ ਕੀਤੀਆਂ ਹਨ।’ ਯੇਚੁਰੀ ਨੇ ਦਾਅਵਾ ਕੀਤਾ ਕਿ ਆਰਐੱਸਐੱਸ ਨਾਲ ਜੁੜੇ ਇਕ ਸੰਗਠਨ ਦੇ ਪ੍ਰੋਗਰਾਮ ਵਿਚ 5 ਦਸੰਬਰ ਨੂੰ ਬੋਲਦਿਆਂ ਮਿਥਲ ਨੇ ਇਹ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਰਿਪੋਰਟਾਂ ਛਪੀਆਂ ਹਨ ਕਿ ਚੀਫ਼ ਜਸਟਿਸ ਨੇ ‘ਅਖਿਲ ਭਾਰਤੀਯ ਅਧਿਵਕਤਾ ਪ੍ਰੀਸ਼ਦ’ ਦੇ ਸੈਮੀਨਾਰ ਵਿਚ ਸ਼ਿਰਕਤ ਕੀਤੀ ਤੇ ਕਿਹਾ ‘ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਧਰਮ ਨਿਰਪੱਖਤਾ ਤੇ ਸਮਾਜਵਾਦ ਜਿਹੇ ਸ਼ਬਦਾਂ ਨੇ ਭਾਰਤ ਦੀ ਅਧਿਆਤਮਕ ਪਛਾਣ ਦੇ ਦਾਇਰੇ ਨੂੰ ਤੰਗ ਕਰ ਦਿੱਤਾ ਹੈ।’ ਸੀਪੀਐਮ ਆਗੂ ਮੁਤਾਬਕ ਮਿਥਲ ਨੇ ਨਾਲ ਹੀ ਕਿਹਾ ਕਿ ‘ਕਈ ਵਾਰ ਅਸੀਂ ਆਪਣੇ ਅੜੀਅਲ ਰਵੱਈਆ ਕਰ ਕੇ ਸੋਧਾਂ ਲਿਆਉਂਦੇ ਹਾਂ। ਯੇਚੁਰੀ ਨੇ ਕਿਹਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਦੇਸ਼ ਦੇ ਸੰਵਿਧਾਨ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਤੇ ਉਹ ਵੀ ਇਕ ਵਿਸ਼ੇਸ਼ ਵਿਚਾਰਧਾਰਾ ਨੂੰ ਪ੍ਰਚਾਰਨ ਵਾਲੇ ਮੰਚ ਤੋਂ, ਇਕ ਨਾ-ਮੁਆਫ਼ੀਯੋਗ ਅਪਰਾਧ ਹੈ। ਇਹ ਜੱਜ ਬਣਨ ਵੇਲੇ ਚੁੱਕੀ ਸਹੁੰ ਦੀ ਵੀ ਉਲੰਘਣਾ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਸੰਵਿਧਾਨ ਦੀ ਪਵਿੱਤਰਤਾ ਤੇ ਨਿਆਂਪਾਲਿਕਾ ਦੀ ਆਜ਼ਾਦੀ ਕਾਇਮ ਰਹੇ। -ਪੀਟੀਆਈ