ਸ੍ਰੀਨਗਰ, 26 ਸਤੰਬਰ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਇੱਕ ਮੁਕਾਬਲੇ ਵਿੱਚ ਜੈਸ਼-ਮੁਹੰਮਦ ਦਾ ਇਕ ਅਤਿਵਾਦੀ ਹਲਾਕ ਹੋ ਗਿਆ ਜਦਕਿ ਇਕ ਫ਼ੌਜੀ ਜਵਾਨ ਤੇ ਦੋ ਨਾਗਰਿਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ’ਤੇ ਕੁਲਗਾਮ ਦੇ ਬਤਪੋਰਾ ਪਿੰਡ ਦੀ ਘੇਰਾਬੰਦੀ ਕੀਤੀ ਗਈ। ਇਹ ਤਲਾਸ਼ੀ ਮੁਹਿੰਮ ਉਸ ਵੇਲੇ ਮੁਕਾਬਲੇ ’ਚ ਤਬਦੀਲ ਹੋ ਗਈ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ’ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਪੁਲੀਸ ਦੇ ਇਕ ਬੁਲਾਰੇ ਨੇ ਟਵੀਟ ਕਰ ਕੇ ਦੱਸਿਆ, ‘‘ਚੱਲ ਰਹੇ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਇਕ ਅਤਿਵਾਦੀ ਹਲਾਕ ਹੋ ਗਿਆ ਜਿਸ ਦੀ ਖ਼ਬਰ ਲਿਖੇ ਜਾਣ ਤੱਕ ਪਛਾਣ ਨਹੀਂ ਸੀ ਹੋ ਸਕੀ ਜਦਕਿ ਇਕ ਫ਼ੌਜੀ ਜਵਾਨ ਅਤੇ ਦੋ ਨਾਗਰਿਕ ਜ਼ਖ਼ਮੀ ਹੋ ਗਏ ਹਨ। ਤਿੰਨੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। #ਮੁਕਾਬਲਾ ਚੱਲ ਰਿਹਾ ਹੈ।’’ -ਪੀਟੀਆਈ