ਸ੍ਰੀਨਗਰ, 12 ਫਰਵਰੀ
ਸੁਰੱਖਿਆ ਬਲਾਂ ਵੱਲੋਂ ਦਹਿਸ਼ਤਗਰਦ ਜਥੇਬੰਦੀ ਅਲ ਬਦਰ ਦੇ ਇੱਕ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚੋਂ ਇਸ ਦੇ 4 ਦਹਿਸ਼ਤਗਰਦਾਂ ਅਤੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਇੱਕ ਤਰਜਮਾਨ ਨੇ ਅੱਜ ਦੱਸਿਆ ਕਿ ਖਾਸ ਸੂਚਨਾਵਾਂ ਮਿਲੀਆਂ ਸਨ ਕਿ ਅਲ ਬਦਰ ਵੱਲੋਂ ਸੋਪੋਰ ’ਚ ਕਈ ਥਾਈਂ ਸੁਰੱਖਿਆ ਬਲਾਂ ’ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਵੱਲੋਂ ਰਾਵੂਚਾ ਰਾਫੀਆਬਾਦ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਦੌਰਾਨ ਅਲ ਬਦਰ ਨਾਲ ਸਬੰਧਤ ਤਿੰਨ ਦਹਿਸ਼ਤਗਰਦਾਂ ਨੂੰਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਦਹਿਸ਼ਤਗਰਦਾਂ ਦੀ ਪਛਾਣ ਵਾਰਿਸ ਤਾਂਤਰੀ ਵਾਸੀ ਰਾਵੂਚਾ ਰਾਫੀਆਬਾਦ, ਆਮਿਰ ਸੁਲਤਾਨ ਵਾਨੀ ਵਾਸੀ ਨੌਪੋਰਾ ਸੋਪੋਰ ਅਤੇ ਤਾਰਿਕ ਅਹਿਮਦ ਭੱਟ ਵਾਸੀ ਚੋਂਟੀਪੋਰਾ ਹੰਦਵਾੜਾ ਵਜੋਂ ਹੋਈ ਹੈ। ਤਰਜਮਾਨ ਮੁਤਾਬਕ ਫੜੇ ਗਏ ਉਕਤ ਤਿੰਨੋਂ ਜਣਿਆਂ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਪਿਛਲੇ ਦੋ ਸਾਲਾਂ ਤੋਂ ਅਲ ਬਦਰ ਨਾਲ ਨੇੜਿਓਂ ਜੁੜੇ ਹੋਣ ਦੀ ਗੱਲ ਕਬੂਲੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਆਧਾਰਿਤ ਦਹਿਸ਼ਤਗਰਦ ਯੂਸੁਫ ਬਲੌਸੀ ਅਤੇ ਖੁਰਸ਼ੀਦ, ਜਿਹੜੇ ਕਿ ਅਨੰਤਨਾਗ (ਜੰਮੂ-ਕਸ਼ਮੀਰ) ਦੇ ਵਾਸੀ ਹਨ, ਨੇ ਉਨ੍ਹਾਂ ਨੂੰ ਰਾਫੀਆਬਾਦ ਸੋਪੋਰ ਵਿੱਚ ਦਹਿਸ਼ਤੀ ਸਰਗਰਮੀਆਂ ਸੁਰਜੀਤ ਕਰਨ ਅਤੇ ਇਸ ਲਈ ਲੜਕਿਆਂ ਨੂੰ ਭਰਤੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਵੱਲੋਂ ਨਵੇਂ ਭਰਤੀ ਲੜਕਿਆਂ ਵਾਸਤੇ ਹਥਿਆਰ ਖ਼ਰੀਦਣ ਲਈ ਮਦਦ ਵੀ ਮੁਹੱਈਆ ਕਰਵਾਈ ਗਈ ਸੀ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਖੁਲਾਸੇ ਦੇ ਆਧਾਰ ’ਤੇ ਇੱਕ ਹੋਰ ਦਹਿਸ਼ਤਗਰਦ ਅਸ਼ਰਫ ਭੱਟ ਵਾਸੀ ਬਾਂਦੀਪੋਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਦੇ ਤਿੰਨ ਸਹਿਯੋਗੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਮੁਹੰਮਦ ਅਸ਼ਰਫ ਮਲਿਕ ਵਾਸੀ ਦਰੁੰਗਸੂ, ਮੁਹੰਮਦ ਅਫਜ਼ਲ ਠਕੋਰ ਵਾਸੀ ਕਲਾਮਾਬਾਦ ਮਾਵਰ ਹੰਦਵਾੜਾ ਅਤੇ ਸ਼ਬੀਰ ਅਹਿਮਦ ਸ਼ਾਹ ਵਾਸੀ ਸ਼ੇਰਹਾਮ ਮਾਵਰ ਹੰਦਵਾੜਾ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀਸਿੱਕੇ ਤੋਂ ਇਲਾਵਾ ਨਕਦੀ ਵੀ ਬਰਾਮਦ ਹੋਈ ਹੈ। -ਪੀਟੀਆਈ