ਨਵੀਂ ਦਿੱਲੀ, 19 ਅਪਰੈਲ
ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ ਅਤੇ ਕਮੇਟੀ ਨੂੰ ਜੋ ਫੈਸਲਾ ਕਰਨਾ ਹੈ ਉਹ ਕਰ ਲਏ। ਉਨ੍ਹਾਂ ਇਹ ਗੱਲ ਅਜਿਹੇ ਸਮੇਂ ਵਿੱਚ ਕਹੀ ਹੈ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਏ ਕੇ ਐਂਟਨੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਖ਼ਿਲਾਫ਼ ਕਾਰਵਾਈ ਦੇ ਸੰਕੇਤ ਦਿੱਤੇ ਹਨ। ਆਗਾਮੀ ਕੁਝ ਦਿਨਾਂ ਵਿੱਚ ਕਮੇਟੀ ਦੀ ਮੀਟਿੰਗ ਹੋਵੇਗੀ। ਅਨੁਸ਼ਾਸਨੀ ਕਮੇਟੀ ਵੱਲੋਂ ਕਾਰਵਾਈ ਕੀਤੇ ਕੀਤੇ ਜਾਣ ਦਾ ਸੰਕੇਤ ਦੇਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ, ਉਹ ਕਰਨ। ਮੈਨੂੰ ਨਹੀਂ ਪਤਾ ਕਿ ਉਹ ਕੀ ਕਰਨਗੇ। ਉਨ੍ਹਾਂ ਨੋਟਿਸ ਦਿੱਤਾ ਹੈ, ਜੋ ਫੈਸਲਾ ਕਰਨਾ ਹੈ, ਉਹ ਕਰ ਲੈਣ। ਕਾਂਗਰਸ ਛੱਡੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਬੀਤੇ 7 ਮਹੀਨਿਆਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਕਾਬਿਲੇਗੌਰ ਹੈ ਕਿ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਦੋ ਸੀਨੀਅਰ ਆਗੂਆਂ ਸੁਨੀਲ ਜਾਖੜ ਅਤੇ ਕੇ ਵੀ ਥਾਮਸ ਨੂੰ 11 ਅਪਰੇੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਕ ਹਫ਼ਤੇ ਵਿੱਚ ਜਵਾਬ ਮੰਗਿਆ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤਾਰਿਕ ਅਨਵਰ ਜੋ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵੀ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਥਾਮਸ ਦਾ ਜਵਾਬ ਮਿਲ ਗਿਆ ਹੈ ਪਰ ਜਾਖੜ ਦਾ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਵਿਧਾਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। –ਏਜੰਸੀ