ਨਵੀਂ ਦਿੱਲੀ: ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਭਲਕੇ ਹੋਣ ਵਾਲੀ ਬੈਠਕ ਵਿਚ ਭਾਰਤ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰਨਗੇ। ਐੱਸਸੀਓ ਕੌਂਸਲ (ਸੀਐਚਜੀ) ਦੀ ਵਰਚੁਅਲ ਹੋਣ ਵਾਲੀ ਮੀਟਿੰਗ ਵਿਚ ਬਲਾਕ ਦੇ ਵਪਾਰਕ ਤੇ ਆਰਥਿਕ ਏਜੰਡੇ ਉਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਇਸ ਮੌਕੇ ਐੱਸਸੀਓ ਕੌਂਸਲ ਦਾ ਸਾਲਾਨਾ ਬਜਟ ਵੀ ਮਨਜ਼ੂਰ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਵਿਚ ਐੱਸਸੀਓ ਮੈਂਬਰ ਮੁਲਕ, ਆਬਜ਼ਰਵਰ ਮੁਲਕ, ਸਕੱਤਰ ਜਨਰਲ ਤੇ ਸੰਗਠਨ ਦੇ ਹੋਰ ਪ੍ਰਤੀਨਿਧੀ ਹਿੱਸਾ ਲੈਣਗੇ। ਵਿਚਾਰ-ਚਰਚਾ ਵਿਚ ਮਹਿਮਾਨ ਵਜੋਂ ਸੱਦੇ ਗਏ ਤੁਰਕਮੇਨਿਸਤਾਨ ਤੇ ਹੋਰ ਮੁਲਕਾਂ ਦੇ ਹਿੱਸਾ ਲੈਣ ਦੀ ਵੀ ਸੰਭਾਵਾਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਐੱਸਸੀਓ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸੰਗਠਨ ਦੀ ਸਥਾਪਨਾ 2001 ਵਿਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਖ਼ਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਨੇ ਕੀਤੀ ਸੀ। ਭਾਰਤ ਤੇ ਪਾਕਿਸਤਾਨ 2017 ਵਿਚ ਇਸ ਦੇ ਸਥਾਈ ਮੈਂਬਰ ਬਣੇ ਸਨ। -ਪੀਟੀਆਈ