ਨਵੀਂ ਦਿੱਲੀ, 8 ਅਕਤੂੁਬਰ
ਯੂਕੇ ਵੱਲੋਂ ਭਾਰਤੀ ਯਾਤਰੀਆਂ ਲਈ ਇਕਾਂਤਵਾਸ ਨੇਮਾਂ ਨੂੰ ਖ਼ਤਮ ਕੀਤੇ ਜਾਣ ਦੇ ਐਲਾਨ ਤੋਂ ਇਕ ਦਿਨ ਮਗਰੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਲਿਜ਼ ਟ੍ਰਸ ਨਾਲ ਫੋਨ ’ਤੇ ਗੱਲਬਾਤ ਕਰਕੇ ਦੋਵਾਂ ਮੁਲਕਾਂ ਵਿਚ ਯਾਤਰਾਂ ਨੇਮਾਂ ਨੂੰ ਲੈ ਕੇ ਗੱਲਬਾਤ ਕੀਤੀ। ਯੂਕੇ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਜਿਨ੍ਹਾਂ ਭਾਰਤੀ ਯਾਤਰੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਜਾਂ ਉਸ ਵੱਲੋਂ ਪ੍ਰਵਾਨਿਤ ਵੈਕਸੀਨਾਂ ਲੱਗੀਆਂ ਹੋਣਗੀਆਂ, ਉਨ੍ਹਾਂ ਨੂੰ 11 ਅਕਤੂਬਰ ਤੋਂ ਯੂਕੇ ਪੁੱਜਣ ’ਤੇ ਦਸ ਦਿਨ ਲਈ ਲਾਜ਼ਮੀ ਇਕਾਂਤਵਾਸ ਹੋਣ ਦੀ ਕੋਈ ਲੋੜ ਨਹੀਂ ਪਏਗੀ। ਜੈਸ਼ੰਕਰ ਨੇ ਟਵੀਟ ਕੀਤਾ, ‘‘ਯੂਕੇ ਦੇ ਵਿਦੇਸ਼ ਸਕੱਤਰ ਨਾਲ ਗੱਲਬਾਤ ਕਰਕੇ ਖੁ਼ਸ਼ੀ ਹੋਈ। ਦੋਵਾਂ ਮੁਲਕਾਂ ਨੇ ਇਕ ਦੂਜੇ ਮੁਲਕ ਵਿੱਚ ਯਾਤਰਾ ਸ਼ੁਰੂ ਕਰਨ ਦੀ ਸਹਿਮਤੀ ਦਿੱਤੀ ਹੈ। ਇਸ ਨਾਲ ਰੋਡਮੈਪ 2030 ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ।’ ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੌਰਿਸ ਜੌਹਨਸਨ ਦਰਮਿਆਨ ਮਈ ਵਿੱਚ ਹੋਈ ਵਰਚੁਅਲ ਵਾਰਤਾ ਦੌਰਾਨ ਰੋਡਮੈਪ 2030 ਨੂੰ ਅਪਣਾਇਆ ਗਿਆ ਸੀ। ਇਸ ਰੋਡਮੈਪ ਦਾ ਮੁੱਖ ਮੰਤਵ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਂਦਿਆਂ ਅਗਲੇ ਦਹਾਕੇ ਵਿੱਚ ਵਿਆਪਕ ਰਣਨੀਤਕ ਭਾਈਵਾਲੀ ਨੂੰ ਵਣਜ ਤੇ ਅਰਥਚਾਰੇ, ਰੱਖਿਆ, ਵਾਤਾਵਰਨ ਤਬਦੀਲੀ ਆਦਿ ਜਿਹੇ ਅਹਿਮ ਖੇਤਰਾਂ ਵਿੱਚ ਮਜ਼ਬੂਤ ਕਰਨਾ ਸੀ। -ਪੀਟੀਆਈ