ਨਵੀਂ ਦਿੱਲੀ, 23 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕੀ ਫੌਜਾਂ ਦੀ ਜਲਦ ਵਾਪਸੀ ਦੌਰਾਨ ਅਫ਼ਗਾਨਿਸਤਾਨ ’ਚ ਵਧ ਰਹੀ ਹਿੰਸਾ ਦੇ ਮੱਦੇਨਜ਼ਰ ਅੱਜ ਉੱਚ ਅਫ਼ਗਾਨ ਸ਼ਾਂਤੀ ਵਾਰਤਾਕਾਰ ਅਬਦੁੱਲਾ ਅਬਦੁੱਲਾ ਨਾਲ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਅਬਦੁੱਲਾ, ਜੋ ਕੌਮੀ ਸੁਲ੍ਹਾ ਸਬੰਧੀ ਕੌਂਸਲ (ਐੱਚਸੀਐੱਨਆਰ) ਦੇ ਚੇਅਰਮੈਨ ਹਨ, ਅਫ਼ਗਾਨਿਸਤਾਨ ਵਿੱਚ ਸ਼ਾਂਤੀ ਸਥਾਪਤੀ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰਭਾਵਸ਼ਾਲੀ ਅਫ਼ਗਾਨ ਨੇਤਾ ਭਾਰਤ ਦੇ ਨਿੱਜੀ ਦੌਰੇ ’ਤੇ ਆਏ ਹਨ। ਜੈਸ਼ੰਕਰ ਨੇ ਟਵੀਟ ਕੀਤਾ, ‘ਐੱਚਸੀਐੱਨਆਰ ਦੇ ਚੇਅਰਮੈਨ ਡਾ. ਅਬਦੁੱਲਾ ਨਾਲ ਮੁਲਾਕਾਤ ਹਮੇਸ਼ਾ ਵਧੀਆ ਰਹਿੰਦੀ ਹੈ। ਸਾਡੇ ਸਬੰਧਾਂ ਲਈ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਸਹਿਯੋਗ ਦੀ ਸ਼ਲਾਘਾ ਕਰਦਾ ਹਾਂ। ਇਸ ਖਿੱਤੇ ’ਤੇ ਉਨ੍ਹਾਂ ਦੇ ਨਜ਼ਰੀਏ ਦੀ ਕਾਫ਼ੀ ਅਹਿਮੀਅਤ ਹੈ।’ -ਪੀਟੀਆਈ