ਨਵੀਂ ਦਿੱਲੀ, 5 ਜਨਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਸਟਰੇਲੀਆ, ਇੰਡੋਨੇਸ਼ੀਆ, ਮਾਲਦੀਵ ਅਤੇ ਭੂਟਾਨ ਦੇ ਆਪਣੇ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕੀਤੀ। ਵੱਖੋ ਵੱਖਰੇ ਤੌਰ ’ਤੇ ਕੀਤੀ ਗਈ ਗੱਲਬਾਤ ਦੁਵੱਲੇ ਸਬੰਧਾਂ ਨੂੰ ਨਵੇਂ ਸਾਲ ’ਚ ਹੋਰ ਮਜ਼ਬੂਤੀ ਪ੍ਰਦਾਨ ਕਰਨ ’ਤੇ ਕੇਂਦਰਿਤ ਰਹੀ। ਜੈਸ਼ੰਕਰ ਨੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਂਟੋ ਲੇਸਤਾਰੀ ਪ੍ਰਿਆਂਸਾਰੀ ਮਰਸੁਡੀ ਨਾਲ ਮਿਆਂਮਾਰ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਜੀ-20 ’ਚ ਰਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਰਿਸੇ ਪੇਅਨ ਨਾਲ ਜੈਸ਼ੰਕਰ ਨੇ 2022 ’ਚ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਹੋਰ ਪ੍ਰਗਤੀ ਬਾਰੇ ਗੱਲਬਾਤ ਕੀਤੀ। ਮਾਲਦੀਵ ਦੇ ਹਮਰੁਤਬਾ ਅਬਦੁੱਲਾ ਸ਼ਾਹਿਦ ਨਾਲ ਜੈਸ਼ੰਕਰ ਨੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਆਪਸੀ ਹਿੱਤਾਂ ਬਾਰੇ ਵੀ ਚਰਚਾ ਕੀਤੀ। ਭੂਟਾਨ ਦੇ ਵਿਦੇਸ਼ ਮੰਤਰੀ ਟਾਂਡੀ ਦੋਰਜੀ ਨਾਲ ਗੱਲਬਾਤ ਬਾਰੇ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤੇ ਕਰੋਨਾਵਾਇਰਸ ਚੁਣੌਤੀ ਦਰਮਿਆਨ ਵੀ ਹੋਰ ਮਜ਼ਬੂਤ ਹੋਏ ਹਨ। ਉਨ੍ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਸੋਮਵਾਰ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਮੰਗਲਵਾਰ ਨੂੰ ਗੱਲਬਾਤ ਕੀਤੀ ਸੀ। -ਪੀਟੀਆਈ