ਨਵੀਂ ਦਿੱਲੀ, 3 ਮਾਰਚ
ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਯੂਕਰੇਨ ਦੀ ਸਥਿਤੀ ‘ਤੇ ਚਰਚਾ ਕੀਤੀ ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਉਥੋਂ ਭਾਰਤੀਆਂ ਨੂੰ ਕੱਢਣ ਦੇ ਯਤਨਾਂ ’ਤੇ ਸਰਕਾਰ ਨਾਲ ਇਕਜੁੱਟਤਾ ਪ੍ਰਗਟਾਈ। ਸ੍ਰੀ ਜੈਸ਼ੰਕਰ ਦੀ ਪ੍ਰਧਾਨਗੀ ‘ਚ ਹੋਈ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸ਼ਸ਼ੀ ਥਰੂਰ, ਆਨੰਦ ਸ਼ਰਮਾ, ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ, ਰਾਸ਼ਟਰੀ ਜਨਤਾ ਦਲ ਦੇ ਪ੍ਰੇਮਚੰਦਰ ਗੁਪਤਾ, ਭਾਜਪਾ ਦੇ ਜੀਵੀਐੱਨ ਨਰਸਿਮਹਾ ਰਾਓ ਨੇ ਹਿੱਸਾ ਲਿਆ।