ਨਵੀਂ ਦਿੱਲੀ/ਵਾਸ਼ਿੰਗਟਨ, 20 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਟੌਨੀ ਬਲਿੰਕਨ ਨੇ ਅੱਜ ਕਈ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਫੋਨ ’ਤੇ ਕਈ ਖੇਤਰੀ ਮੁੱਦਿਆਂ ਜਿਨ੍ਹਾਂ ਵਿਚ ਅਫ਼ਗਾਨਿਸਤਾਨ ਤੇ ਮਿਆਂਮਾਰ ਦੀ ਸਥਿਤੀ, ਜਲਵਾਯੂ ਤਬਦੀਲੀ ਦਾ ਮੁੱਦਾ ਸ਼ਾਮਲ ਹੈ, ਉਤੇ ਵਿਚਾਰ-ਚਰਚਾ ਕੀਤੀ। ਬਲਿੰਕਨ ਨੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਦੀ ਭਾਰਤੀ ਵਿਦੇਸ਼ ਮੰਤਰੀ ਨਾਲ ਨਿੱਘੀ ਤੇ ਉਸਾਰੂ ਗੱਲਬਾਤ ਹੋਈ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਮੁੜ ਦੁਹਰਾਇਆ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਤੇ ਬਰਮਾ ਨਾਲ ਜੁੜੇ ਦੋਵੇਂ ਮੁਲਕਾਂ ਦੇ ਹਿੱਤਾਂ ਅਤੇ ਹੋਰ ਆਲਮੀ ਚੁਣੌਤੀਆਂ ’ਤੇ ਚਰਚਾ ਕੀਤੀ ਗਈ। ਜੈਸ਼ੰਕਰ ਨੇ ਵੱਖਰੇ ਟਵੀਟ ਵਿਚ ਕਿਹਾ ਕਿ ਫੋਨ ਕਾਲ ’ਤੇ ਭਾਰਤ ਦੇ ਗੁਆਂਢੀ ਮੁਲਕਾਂ ਵਿਚ ਬਦਲ ਰਹੀਆਂ ਸਥਿਤੀਆਂ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਏਜੰਡੇ ਤੇ ਸਿਹਤ ਖੇਤਰ ਵਿਚ ਸਹਿਯੋਗ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਬਲਿੰਕਨ ਨੇ ਜੈਸ਼ੰਕਰ ਨਾਲ ਖੇਤਰੀ ਸੁਰੱਖਿਆ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ। ਪ੍ਰਾਈਸ ਨੇ ਕਿਹਾ ਕਿ ਦੋਵੇਂ ਆਗੂ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸ਼ਾਂਤ ਮਾਹੌਲ ਤੇ ਵਿਕਾਸ ਲਈ ਮਦਦ ਦੇਣ ਉਤੇ ਸਹਿਮਤ ਹੋਏ। – ਪੀਟੀਆਈ