ਸੰਯੁਕਤ ਰਾਸ਼ਟਰ, 8 ਮਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ਵੱਲੋਂ ਸੁਰੱਖਿਆ ਪ੍ਰੀਸ਼ਦ ਦੀ ਸੱਦੀ ਗਈ ਮੰਤਰੀ ਪੱਧਰ ਦੀ ਮੀਟਿੰਗ ਦਾ ਬਾਈਕਾਟ ਕੀਤਾ। ਚੀਨ ਇਸ ਮਹੀਨੇ ਲਈ ਕੌਂਸਲ ਦਾ ਪ੍ਰਧਾਨ ਹੈ। ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਵਿਚ ਭਾਰਤ ਦੀ ਨੁਮਾਇੰਦਗੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕੀਤੀ। ਸੁਰੱਖਿਆ ਪ੍ਰੀਸ਼ਦ ਦੇ 14 ਹੋਰ ਮੈਂਬਰ ਦੇਸ਼ਾਂ ਨੇ ਇਸ ਵਰਚੁਅਲੀ ਮੀਟਿੰਗ ਵਿਚ ਆਪਣੇ ਮੰਤਰੀ ਪੱਧਰ ਦੇ ਨੁਮਾਇੰਦੇ ਭੇਜੇ ਸਨ ਪਰ ਜੈਸ਼ੰਕਰ ਦੀ ਇਸ ਮੀਟਿੰਗ ਵਿਚੋਂ ਗੈਰ-ਹਾਜ਼ਰੀ ਦਾ ਕਾਰਨ ਭਾਰਤ ਤੇ ਚੀਨ ਵਿਚਾਲੇ ਚੱਲਦੇ ਆ ਰਹੇ ਤਣਾਅ ਨੂੰ ਸਮਝਿਆ ਜਾ ਰਿਹਾ ਹੈ। ਮੀਟਿੰਗ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਅਤੇ ਸੇਂਟ ਵਿਨਸੈਂਟ ਤੇ ਗਰੇਨੇਡਾਈਨਜ਼ ਦੇ ਪ੍ਰਧਾਨ ਮੰਤਰੀ ਰਾਲਫ਼ ਗੋਂਜ਼ਾਲਵੇਸ ਨੇ ਸ਼ਮੂਲੀਅਤ ਕੀਤੀ। -ਆਈਏਐੱਨਐੱਸ
ਲੰਡਨ ਤੋਂ ਪਰਤੇ ਜੈਸ਼ੰਕਰ ਵੱਲੋਂ ਕਰੋਨਾ ਪਾਜ਼ੇਟਿਵ ਰਿਪੋਰਟਾਂ ਬਾਰੇ ਖ਼ਬਰਾਂ ਗ਼ਲਤ ਕਰਾਰ
ਨਵੀਂ ਦਿੱਲੀ (ਟਨਸ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਲੰਡਨ ਤੋਂ ਵਤਨ ਪਰਤ ਚੁੱਕੇ ਹਨ। ਉਨ੍ਹਾਂ ਦੇ ਨਾਲ ਗਈ ਟੀਮ ਦੇ ਦੋ ਮੈਂਬਰਾਂ ਦੀਆਂ ਕੋਵਿਡ-19 ਸਬੰਧੀ ਜਾਂਚ ਰਿਪੋਰਟਾਂ ਪਾਜ਼ੇਟਿਵ ਆਉਣ ਦੀਆਂ ਖ਼ਬਰਾਂ ਤੋਂ ਬਾਅਦ ਜੈਸ਼ੰਕਰ ਨੇ ਉੱਥੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ। ਵਿਦੇਸ਼ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੀ ਕਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਖ਼ਬਰਾਂ ਗਲਤ ਸਨ। ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ ਮੈਂਬਰ ਵਤਨ ਪਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਦੀਆਂ ਕਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਹਨ।