ਨਾਗਪੁਰ, 27 ਦਸੰਬਰ
ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਜੀ ਐੱਨ ਸਾਈਬਾਬਾ ਦੇ ਵਕੀਲ ਨੇ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਨੇ ਸਾਈਬਾਬਾ ਦੇ ਪਰਿਵਾਰ ਵੱਲੋਂ ਭੇਜੀ ਊਨੀ ਟੋਪੀ ਤੇ ਹੋਰ ਕਈ ਚੀਜ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਜੇਲ੍ਹ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਸਾਰੀਆਂ ਜ਼ਰੂਰੀ ਚੀਜ਼ਾਂ ਲੈ ਲਈਆਂ ਸਨ ਪਰ ਉਹ ਹਰ ਚੀਜ਼ ਜੇਲ੍ਹ ਦੇ ਅੰਦਰ ਨਹੀਂ ਲਿਜਾਣ ਦੇ ਸਕਦੇ। ਸਾਈਬਾਬਾ 90 ਫ਼ੀਸਦੀ ਅਪਾਹਜ ਹਨ ਤੇ ਵ੍ਹੀਲ ਚੇਅਰ ’ਤੇ ਰਹਿੰਦੇ ਹਨ। ਸਾਲ 2017 ਵਿੱਚ ਮਹਾਰਾਸ਼ਟਰ ਦੀ ਇੱਕ ਅਦਾਲਤ ਨੇ ਮਾਓਵਾਦੀਆਂ ਨਾਲ ਸਬੰਧ ਰੱਖਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਉਨ੍ਹਾਂ ਨੂੰ ਤੇ ਚਾਰ ਹੋਰ ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ। ਉਦੋਂ ਤੋਂ ਉਹ ਨਾਗਪੁਰ ਜੇਲ੍ਹ ਵਿੱਚ ਬੰਦ ਹਨ। ਸਾਈਬਾਬਾ ਦੇ ਵਕੀਲ ਆਕਾਸ਼ ਸਰੋਦੇ ਨੇ ਕਿਹਾ ਕਿ ਸਾਈਬਾਬਾ ਨੂੰ ਜੇਲ੍ਹ ਵਿੱਚ 34 ਚੀਜ਼ਾਂ ਦੀ ਲੋੜ ਸੀ,। ਜਦੋਂ ਇਹ ਸਾਮਾਨ ਦੇਣ ਲਈ ਉਹ ਤਿੰਨ ਦਿਨ ਪਹਿਲਾਂ ਜੇਲ੍ਹ ਵਿੱਚ ਗਏ ਤਾਂ ਜੇਲ੍ਹ ਅਧਿਕਾਰੀਆਂ ਨੇ 13 ਚੀਜ਼ਾਂ ਹੀ ਰੱਖੀਆਂ। ਉਨ੍ਹਾਂ ਨੇ ਇਸ ਸਬੰਧੀ ਜੇਲ੍ਹ ਸੁਪਰਡੈਂਟ ਨੂੰ ਈ-ਮੇਲ ਭੇਜੀ ਹੈ, ਜਿਸ ਦਾ ਅਜੇ ਉੱਤਰ ਨਹੀਂ ਆਇਆ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਅਨੂਪ ਕੁਮਰੇ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਲੈ ਲਈਆਂ ਗਈਆਂ ਸਨ ਪਰ ਹਰ ਚੀਜ਼ ਜੇਲ੍ਹ ਅੰਦਰ ਨਹੀਂ ਲਿਆਂਦੀ ਜਾ ਸਕਦੀ। -ਪੀਟੀਆਈ