ਨਵੀਂ ਦਿੱਲੀ, 8 ਮਈ
ਜਹਾਂਗੀਰਪੁਰੀ ਫਿਰਕੂ ਹਿੰਸਾ ਮਾਮਲੇ ਦੇ ਇਕ ਮੁਲਜ਼ਮ ਤਬਰੇਜ਼ ਖਾਨ ਦੀ ਦਿੱਲੀ ਪੁਲੀਸ ਨਾਲ ਪ੍ਰੈੱਸ ਕਾਨਫਰੰਸ ਕਰਦੇ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਹ ਮੀਡੀਆ ਨੂੰ ਸੰਬੋਧਨ ਕਰਦਿਆਂ ਪੁਲੀਸ ਨੂੰ ਇਲਾਕੇ ਵਿਚੋਂ ਬਲਾਂ ਨੂੰ ਹਟਾਉਣ ਲਈ ਕਹਿ ਰਿਹਾ ਹੈ। ਉਸ ਨੂੰ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਸ਼ਨਿਚਰਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੀਡੀਓ ਨੂੰ ਪੁਲੀਸ ਦੀ ਨਾਕਾਮੀ ਵਜੋਂ ਲਿਆ ਜਾ ਰਿਹਾ ਹੈ ਕਿਉਂਕਿ ਦੰਗਿਆਂ ਵਿਚ ਸ਼ਾਮਲ ਅਪਰਾਧੀ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਦੇਖਿਆ ਜਾ ਰਿਹਾ ਹੈ। ਕੁਝ ਵੀਡੀਓਜ਼ ਤੇ ਪੋਸਟਾਂ ਵਿਚ ਤਬਰੇਜ਼ ਡੀਸੀਪੀ (ਉੱਤਰ-ਪੱਛਮ) ਊਸ਼ਾ ਰੰਗਨਾਨੀ ਨਾਲ 20 ਅਪਰੈਲ ਨੂੰ ‘ਤਿਰੰਗਾ ਯਾਤਰਾ’ ਵਿਚ ਹਿੱਸਾ ਲੈਂਦਾ ਵੀ ਨਜ਼ਰ ਆਇਆ ਹੈ। ਦਿਲਚਸਪ ਤੱਥ ਇਹ ਹੈ ਕਿ ਖਾਨ ਨੇ ਹੀ ਪੁਲੀਸ ਨੂੰ ਪੱਤਰ ਲਿਖ ਕੇ ‘ਤਿਰੰਗਾ ਯਾਤਰਾ’ ਕੱਢਣ ਲਈ ਕਿਹਾ ਸੀ। ਪੁਲੀਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਤਣਾਅ ਦੇ ਮੱਦੇਨਜ਼ਰ ਅਮਨ ਕਮੇਟੀ ਦੀ ਇਕ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਉਸ ਵੇਲੇ ਕਈ ਲੋਕ ਜੁੜੇ ਸਨ, ਖਾਨ ਉਨ੍ਹਾਂ ਵਿਚੋਂ ਇਕ ਹੋ ਸਕਦਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਮੰਤਵ ਦੰਗਿਆਂ ਮਗਰੋਂ ਇਲਾਕੇ ਵਿਚ ਸ਼ਾਂਤੀ ਕਾਇਮ ਕਰਨਾ ਸੀ। ਸ਼ਾਂਤੀ ਬਹਾਲੀ ਲਈ ਅਮਨ ਕਮੇਟੀ ਨਾਲ ਕਈ ਲੋਕ ਜੁੜੇ ਸਨ। ਖਾਨ ਨੂੰ ਸ਼ਨਿਚਰਵਾਰ ਦੋ ਹੋਰਨਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਸਪੱਸ਼ਟੀਕਰਨ ਮਗਰੋਂ ਵੀ ਪੁਲੀਸ ਦੇ ਖ਼ੁਫ਼ੀਆ ਵਿਭਾਗ ਉਤੇ ਸਵਾਲ ਉੱਠ ਰਹੇ ਹਨ ਕਿ ਉਹ ਉਸ ਵੇਲੇ ਮੁਲਜ਼ਮ ਦੀ ਸ਼ਨਾਖ਼ਤ ਕਰਨ ’ਚ ਨਾਕਾਮ ਕਿਵੇਂ ਹੋ ਗਏ। -ਆਈਏਐੱਨਐੱਸ