ਨਵੀਂ ਦਿੱਲੀ, 9 ਮਈ
ਇਥੋਂ ਦੀ ਅਦਾਲਤ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਜਹਾਂਗੀਰਪੁਰੀ ’ਚ ਹਨੂੰਮਾਨ ਜੈਅੰਤੀ ਮੌਕੇ ਕੱਢੇ ਗਏ ਅਣਅਧਿਕਾਰਤ ਜਲੂਸ ਨੂੰ ਰੋਕਣ ’ਚ ਦਿੱਲੀ ਪੁਲੀਸ ਦੀ ਨਾਕਾਮੀ ਸਾਹਮਣੇ ਆਈ ਹੈ। ਜਲੂਸ ਦੌਰਾਨ ਜਹਾਂਗੀਰਪੁਰੀ ’ਚ ਦੋ ਫਿਰਕਿਆਂ ਦਰਮਿਆਨ ਦੰਗੇ ਭੜਕੇ ਸਨ। ਅਦਾਲਤ ਨੇ ਕਈ ਜ਼ਮਾਨਤ ਅਰਜ਼ੀਆਂ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ ਤੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਹੁਕਮਾਂ ਦੀ ਕਾਪੀ ਪੁਲੀਸ ਕਮਿਸ਼ਨਰ ਨੂੰ ਭੇਜੀ ਜਾਵੇ। ਅਦਾਲਤ ਨੇ ਕਿਹਾ ਕਿ ਜਲੂਸ ਦੇ ਨਾਲ ਹੀ ਪੁਲੀਸ ਦੇ ਅਧਿਕਾਰੀ ਵੀ ਚੱਲ ਰਹੇ ਸਨ ਜਦਕਿ ਉਨ੍ਹਾਂ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। -ਪੀਟੀਆਈ
ਪੁਲੀਸ ਬੇਕਸੂਰ ਹਿੰਦੂਆਂ ਨੂੰ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼: ਵੀਐੱਚਪੀ
ਨਵੀਂ ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਦੋਸ਼ ਲਾਇਆ ਹੈ ਕਿ ਜਹਾਂਗੀਰਪੁਰੀ ਹਿੰਸਾ ਕੇਸ ’ਚ ਦਿੱਲੀ ਪੁਲੀਸ ਦੇ ਕੁਝ ਅਧਿਕਾਰੀ ਬੇਕਸੂਰ ਹਿੰਦੂਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਿਟੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ। ਵੀਐੱਚਪੀ ਦੇ ਕੌਮੀ ਤਰਜਮਾਨ ਵਿਨੋਦ ਬਾਂਸਲ ਨੇ ਦਾਅਵਾ ਕੀਤਾ ਕਿ ਹਨੂੰਮਾਨ ਜੈਅੰਤੀ ਦਾ ਜਲੂਸ ਕੱਢਣ ਵਾਲੇ ਪ੍ਰਬੰਧਕਾਂ ਨੇ ਸਥਾਨਕ ਪੁਲੀਸ ਨੂੰ ਆਪਣੇ ਪ੍ਰੋਗਰਾਮ ਦੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਪਰ ਪੁਲੀਸ ਨੇ ਹੁਣ ਯੂ-ਟਰਨ ਲੈ ਲਿਆ ਹੈ। -ਪੀਟੀਆਈ
ਜਹਾਂਗੀਰਪੁਰੀ ਦਾ ਐੈੱਸਐੱਚਓ ਤਬਦੀਲ
ਨਵੀਂ ਦਿੱਲੀ: ਅਦਾਲਤ ਵੱਲੋਂ ਕੀਤੀ ਗਈ ਤਿੱਖੀ ਟਿੱਪਣੀ ਮਗਰੋਂ ਜਹਾਂਗੀਰਪੁਰੀ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਉਸ ਦੀ ਥਾਂ ’ਤੇ ਆਰ ਪੀ ਭਵਨ ਦੇ ਇੰਸਪੈਕਟਰ ਅਰੁਣ ਕੁਮਾਰ ਨੂੰ ਲਾਇਆ ਗਿਆ ਹੈ। ਇਹ ਤਬਾਦਲਾ ਰੁਟੀਨ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। -ਪੀਟੀਆਈ