ਨਵੀਂ ਦਿੱਲੀ, 7 ਅਗਸਤ
ਪੱਛਮੀ ਬੰਗਾਲ ਦੇ ਰਾਜਪਾਲ ਰਹੇ ਜਗਦੀਪ ਧਨਖੜ ਦਾ ਉਪ ਰਾਸ਼ਟਰਪਤੀ ਬਣਨ ਤੱਕ ਦਾ ਸਫ਼ਰ ਦਿਲਚਸਪ ਰਿਹਾ ਹੈ। ਭੈਰੋਂ ਸਿੰਘ ਸ਼ੇਖਾਵਤ ਤੋਂ ਬਾਅਦ ਉਹ ਇਸ ਅਹੁਦੇ ’ਤੇ ਚੁਣੇ ਗਏ ਰਾਜਸਥਾਨ ਦੇ ਦੂਜੇ ਆਗੂ ਹਨ। ਰਾਜਸਥਾਨ ਦੇ ਸ਼ਹਿਰ ਝੁਨਝੁਨੂ ਤੋਂ ਆ ਕੇ ਉਹ ਉਪ ਰਾਸ਼ਟਰਪਤੀ ਭਵਨ ਤੱਕ ਪਹੁੰਚੇ ਹਨ। ਉਹ ਲੰਬੇ ਸਮੇਂ ਤੱਕ ਰਾਜਸਥਾਨ ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਵਕੀਲ ਰਹੇ। ਉਨ੍ਹਾਂ ਕੇਂਦਰ ’ਚ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵਜੋਂ ਵੀ ਕੁਝ ਸਮੇਂ ਤੱਕ ਸੇਵਾਵਾਂ ਨਿਭਾਈਆਂ ਸਨ। ਜਨਤਾ ਦਲ ਅਤੇ ਕਾਂਗਰਸ ਨਾਲ ਜੁੜੇ ਰਹੇ ਸ੍ਰੀ ਧਨਖੜ 2008 ’ਚ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਰਾਜਸਥਾਨ ’ਚ ਜਾਟ ਭਾਈਚਾਰੇ ਨੂੰ ਓਬੀਸੀ ਦਾ ਦਰਜਾ ਦਿਵਾਉਣ ਸਮੇਤ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਮੁੱਦਿਆਂ ਦੀ ਵਕਾਲਤ ਕੀਤੀ ਸੀ। ਪੱਛਮੀ ਬੰਗਾਲ ਦਾ ਰਾਜਪਾਲ ਬਣਨ ਮਗਰੋਂ ਉਨ੍ਹਾਂ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੇ ਕੁਝ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਸੀ। ਭਾਜਪਾ ਨੇ ਉਪ ਰਾਸ਼ਟਰਪਤੀ ਲਈ ਉਮੀਦਵਾਰੀ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ‘ਕਿਸਾਨ ਪੁੱਤਰ’ ਦੱਸਿਆ ਸੀ। -ਏਜੰਸੀ