ਅਮਰਾਵਤੀ, 9 ਜੁਲਾਈ
ਵਾਈ.ਐੱਸ ਜਗਨ ਮੋਹਨ ਰੈੱਡੀ ਨੂੰ ਅੱਜ ਉਮਰ ਭਰ ਲਈ ਵਾਈਐੱਸਆਰਸੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਦੋ ਰੋਜ਼ਾ ਮੀਟਿੰਗ ਦੌਰਾਨ ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕਰਕੇ ਜਗਨ ਨੂੰ ਉਮਰ ਭਰ ਲਈ ਪ੍ਰਧਾਨ ਚੁਣਿਆ ਗਿਆ ਹੈ। ਜਗਨ ਨੇ ਕਾਂਗਰਸ ਛੱਡਣ ਤੋਂ ਬਾਅਦ 2011 ਵਿੱਚ ਵਾਈਐੱਸਆਰਸੀ ਦੀ ਸਥਾਪਨਾ ਕੀਤੀ ਸੀ। ਉਦੋਂ ਤੋਂ ਹੀ ਉਹ ਪਾਰਟੀ ਪ੍ਰਧਾਨ ਹਨ। ਉਨ੍ਹਾਂ ਨੂੰ ਆਖਰੀ ਵਾਰ 2017 ਵਿੱਚ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਦੀ ਮਾਤਾ ਵਿਜੈਅੰਮਾ ਨੇ ਪਰਿਵਾਰਕ ਮੱਤਭੇਦ ਕਾਰਨ ਬੀਤੇ ਦਿਨ ਆਨਰੇਰੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗੁਆਂਢੀ ਰਾਜ ਵਿੱਚ ਵਾਈਐੱਸਆਰ ਤਿਲੰਗਾਨਾ ਪਾਰਟੀ ਦੀ ਅਗਵਾਈ ਕਰ ਰਹੀ ਆਪਣੀ ਧੀ ਸ਼ਰਮੀਲਾ ਦੀ ਹਮਾਇਤ ਲਈ ਇਹ ਅਹੁਦਾ ਛੱਡ ਰਹੇ ਹਨ। ਪਾਰਟੀ ਨੂੰ ਹੁਣ ਜਗਨ ਨੂੰ ਤਾਉਮਰ ਪ੍ਰਧਾਨ ਬਣਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਕੋਲੋਂ ਮਨਜ਼ੂਰੀ ਲੈਣੀ ਪਵੇਗੀ। -ਪੀਟੀਆਈ