ਨਵੀਂ ਦਿੱਲੀ, 7 ਨਵੰਬਰ
ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੇ ਲਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਆਪਣੀਆਂ ਚੌਕੀਆਂ ਨਾਲ ਸੰਪਰਕ ਲਈ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਅਸਲ ਕੰਟਰੋਲ ਰੇਖਾ ਦੇ ਨਾਲ ਸੜਕਾਂ ਅਤੇ ਪੈਦਲ ਰਸਤਿਆਂ ਦੇ ਨਿਰਮਾਣ ਲਈ ਪਹਿਲੀ ਵਾਰ ਆਪਣੇ ਮਾਹਿਰ ਇੰਜਨੀਅਰਿੰਗ ਵਿੰਗ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ।
ਸੁਰੱਖਿਆ ਬਲ ਵੱਲੋਂ ਇਹ ਕਦਮ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਪੂਰਬੀ ਲਦਾਖ ਖੇਤਰ ਵਿੱਚ ਚੀਨ ਨਾਲ ਫ਼ੌਜੀ ਵਿਵਾਦ ਦੌਰਾਨ ਚੁੱਕਿਆ ਗਿਆ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਰਡਰ ਪੁਲੀਸ, ਆਈਟੀਬੀਪੀ, ਨੇ ਸਰਕਾਰ ਵੱਲੋਂ ਇੰਡੋ-ਚੀਨ ਬਾਰਡਰ ਰੋਡ ਪ੍ਰਾਜੈਕਟ ਦੇ ਦੂੁਜੇ ਪੜਾਅ ਤਹਿਤ 32 ਵਿੱਚੋਂ ਚਾਰ ਸੜਕਾਂ ਅਤੇ ਕੁੱਲ 18 ਪੈਦਲ ਰਸਤਿਆਂ ਵਿੱਚੋਂ ਦੋ ਨੂੰ ਬਣਾਉਣ ਦੀ ਚੁਣੌਤੀ ਸਵੀਕਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਤੋਂ ਦੋ ਕਿਲੋਮੀਟਰ ਲੰਬਾਈ ਵਾਲੀਆਂ ਵੱਖ-ਵੱਖ ਸੜਕਾਂ, ਜਿਹੜੀਆਂ ਹਿਮਾਲਿਆ ਖੇਤਰ ਵਿੱਚ ਆਈਟੀਬੀਪੀ ਦੀਆਂ ਚੌਕੀਆਂ ਨੂੰ ਜੋੜਦੀਆਂ ਹਨ, ਲਦਾਖ ਖੇਤਰ ਵਿੱਚ ਚੀਨ ਨਾਲ ਲੱਗਦੀ 3,488 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ ਨੇੜੇ ਹਨ। ਜਦਕਿ ਪੈਦਲ ਰਸਤੇ, ਜਿਨ੍ਹਾਂ ਦੀ ਵਰਤੋਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਦੌਰਾਨ ਕੀਤੀ ਜਾਂਦੀ ਹੈ, ਅਰੁਣਾਚਲ ਪ੍ਰਦੇਸ਼ ਵਿੱਚ ਹਨ।
ਸੂਤਰਾਂ ਮੁਤਾਬਕ ਆਈਟੀਬੀਪੀ ਦੇ ਇੰਜਨੀਅਰ ਅਤੇ ਸੁਪਰਵਾਈਜ਼ਰ ਸਾਰੇ ਕੰਮ ਯੋਜਨਾ ਬਣਾਉਣਗੇ ਅਤੇ ਨਿਗਰਾਨੀ ਕਰਨਗੇ ਜਦਕਿ ਇਸ ਕੰਮ ਲਈ ਮਜ਼ਦੂਰਾਂ ਅਤੇ ਕਾਰੀਗਰਾਂ ਦੀਆਂ ਸੇਵਾਵਾਂ ਸਰਕਾਰ ਦੇ ਨਿਯਮਾਂ ਤਹਿਤ ਲਈਆਂ ਜਾਣਗੀਆਂ। -ਪੀਟੀਆਈ