ਮੁੰਬਈ, 5 ਅਕਤੂਬਰ
ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦਾ ਹੈ ਕਿ ਉਸ ਨੂੰ ਬੌਲੀਵੁੱਡ ਦੇ ਕੁਝ ‘ਸਭ ਤੋਂ ਬਿਹਤਰੀਨ ਫ਼ਿਲਮਸਾਜ਼ਾਂ’ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਜਿਹੇ ਨਿਰਦੇਸ਼ਕ ਜੋ ਲੀਕ ਤੋਂ ਹੱਟਵੀਆਂ ਫ਼ਿਲਮਾਂ ਬਣਾਉਂਦੇ ਹਨ। ਆਯੂਸ਼ਮਾਨ ਨੇ ਖ਼ਾਸ ਤੌਰ ’ਤੇ ਸ੍ਰੀਰਾਮ ਰਾਘਵਨ ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਉਸ ਨੇ ‘ਅੰਧਾਧੁਨ’ ਵਿਚ ਕੰਮ ਕੀਤਾ ਹੈ। ਫ਼ਿਲਮ ਲਈ ਖ਼ੁਰਾਨਾ ਨੂੰ ਕੌਮੀ ਫ਼ਿਲਮ ਸਨਮਾਨ ਵੀ ਮਿਲਿਆ ਹੈ। ਇਹ 2018 ਵਿਚ ਪੰਜ ਅਕਤੂਬਰ ਨੂੰ ਹੀ ਰਿਲੀਜ਼ ਹੋਈ ਸੀ ਤੇ ਉਸ ਸਾਲ ਦੀਆਂ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਵਿਚੋਂ ਇਕ ਸੀ। ਖੁਰਾਨਾ ਨੇ ਕਿਹਾ ਕਿ ਬੇਸ਼ੱਕ ਉਹ ਅਗਾਂਹਵਧੂ ਸਮਾਜਿਕ ਸੁਨੇਹਾ ਦੇਣ ਵਾਲੀਆਂ ਮਨੋਰੰਜਕ ਫ਼ਿਲਮਾਂ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਸਾਡੀ ਫ਼ਿਲਮ ਸਨਅਤ ਵੱਲੋਂ ਬਣਾਈਆਂ ਕੁਝ ਬਿਹਤਰੀਨ ਫ਼ਿਲਮਾਂ ਦਾ ਉਹ ਹਿੱਸਾ ਰਹੇ ਹਨ।’ ਆਯੂਸ਼ਮਾਨ ਨੇ ਕਿਹਾ ਕਿ ‘ਅੰਧਾਧੁਨ’ ਤੋਂ ਉਨ੍ਹਾਂ ਬਹੁਤ ਕੁਝ ਸਿੱਖਿਆ ਹੈ। ਇਸ ਫ਼ਿਲਮ ਨੇ ਉਨ੍ਹਾਂ ਨੂੰ ਹੋਰ ਤਜਰਬੇ ਕਰਨ ਲਈ ਪ੍ਰੇਰਿਆ। ਆਯੂਸ਼ਮਾਨ ਨੇ ਕਿਹਾ ਕਿ ਨਵੇਂ ਤਜਰਬੇ ਕਰਦੇ ਰਹਿਣਾ ਉਨ੍ਹਾਂ ਨੂੰ ਪਸੰਦ ਹੈ। -ਪੀਟੀਆਈ