ਨੋਇਡਾ/ਰਾਮਪੁਰ, 10 ਫਰਵਰੀ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਆਦਿੱਤਿਆਨਾਥ ’ਤੇ ਵਰ੍ਹਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਹੋਰਾਂ ਦੀ ‘ਗਰਮੀ ਨਿਕਾਲ ਦੇਂਗੇਂ’ ਵਾਲੇ ਬਿਆਨ ਦੇਣ ਦੀ ਬਜਾਏ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਫਿਕਰ ਕਰਨੀ ਚਾਹੀਦੀ ਹੈ। ਰਾਮਪੁਰ ’ਚ ਚੋਣ ਪ੍ਰਚਾਰ ਦੌਰਾਨ ਆਪਣੇ ਸੰਬੋਧਨ ’ਚ ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਮਾੜੀਆਂ ਨੀਤੀਆਂ ਅਪਣਾ ਕੇ ਵਪਾਰ ਅਤੇ ਕਾਰੋਬਾਰ ਨੂੰ ਢਾਹ ਲਾਉਣ ਦੇ ਦੋਸ਼ ਲਾਏ। ਆਦਿੱਤਿਆਨਾਥ ’ਤੇ ਅਸਿੱਧੇ ਸ਼ਬਦਾਂ ’ਚ ਹਮਲਾ ਬੋਲਦਿਆਂ ਉਨ੍ਹਾਂ ਕਿਹਾ,‘‘ਉਹ ‘ਗਰਮੀ ਨਿਕਾਲ ਦੇਂਗੇਂ’, ‘ਚਰਬੀ ਨਿਕਾਲ ਦੇਂਗੇਂ’ ਆਖਦੇ ਰਹਿੰਦੇ ਹਨ। ਕੀ ਇਹ ਮੁੱਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ? ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਪੰਜ ਸਾਲਾਂ ਤੋਂ ਉਹ ਸੱਤਾ ’ਚ ਸਨ ਤਾਂ ਉਨ੍ਹਾਂ ਭਰਤੀਆਂ ਕਿਉਂ ਨਹੀਂ ਕੱਢੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਿਉਂ ਨਹੀਂ ਕੀਤੇ।’’ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਆਮ ਆਦਮੀ ਨੂੰ ਢਾਹ ਲਾਈ ਜਦਕਿ ਕਾਲੇ ਧਨ ਵਾਲੇ ਚੰਗਾ ਜੀਵਨ ਬਤੀਤ ਕਰ ਰਹੇ ਹਨ।’ ਕਾਂਗਰਸ ਆਗੂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਕਾਂਗਰਸ ਨੇ ਮਹਾਮਾਰੀ ਦੌਰਾਨ ਲੋਕਾਂ ਨੂੰ ਟਿਕਾਣਿਆਂ ’ਤੇ ਪਹੁੰਚਾਉਣ ਲਈ ਟਿਕਟਾਂ ਮੁਫ਼ਤ ’ਚ ਵੰਡੀਆਂ ਅਤੇ ਉਹ ਪਾਰਟੀ ’ਤੇ ਕਰੋਨਾ ਫੈਲਾਉਣ ਦੇ ਦੋਸ਼ ਲਾ ਰਹੇ ਹਨ। ‘ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਲੱਖਾਂ ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਪੈਦਲ ਹੀ ਚੱਲਣ ਲਈ ਮਜਬੂਰ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਆਖਦੇ ਹਨ ਕਿ ਕਾਂਗਰਸ ਨੇ ਲੋਕਾਂ ਦੀ ਸਹਾਇਤਾ ਕਰਕੇ ਗਲਤ ਕੰਮ ਕੀਤਾ।’ -ਪੀਟੀਆਈ