ਬੰਗਲੁਰੂ/ਬੇਲਗਾਵੀ, 25 ਜੁਲਾਈ
ਕਰਨਾਟਕ ਦੀ ਲੀਡਰਸ਼ਿਪ ’ਚ ਤਬਦੀਲੀ ਹੋਣ ਸਬੰਧੀ ਰਹੱਸ ਅੱਜ ਵੀ ਬਰਕਰਾਰ ਰਿਹਾ ਹੈ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣੇ ਜਾਂ ਨਹੀਂ ਬਣੇ ਰਹਿਣਗੇ, ਬਾਰੇ ਫ਼ੈਸਲਾ ਭਲਕੇ ਹੋਵੇਗਾ ਪਰ ਉਹ ਅਗਲੇ 10-15 ਦਿਨ ਭਾਜਪਾ ਲਈ ਕੰਮ ਕਰਦੇ ਰਹਿਣਗੇ।
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ ਯੇਦੀਯੁਰੱਪਾ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਹਾਈ ਕਮਾਂਡ ਵੱਲੋਂ ਨਿਰਦੇਸ਼ ਮਿਲਣ ਤੋਂ ਬਾਅਦ ਹੀ ਉਹ ਆਪਣੇ ਅਹੁਦੇ ਸਬੰਧੀ ਅੰਤਿਮ ਫ਼ੈਸਲਾ ਲੈਣਗੇ। ਇਸ ਤੋਂ ਪਹਿਲਾਂ ਉਨ੍ਹਾਂ ਅੱਜ ਦਿਨੇ ਕਿਹਾ, ‘ਅੱਜ ਸ਼ਾਮ ਨੂੰ ਜਦੋਂ ਨਿਰਦੇਸ਼ ਆ ਜਾਣਗੇ ਤਾਂ ਸਭ ਨੂੰ ਪਤਾ ਲੱਗ ਜਾਵੇਗਾ। ਨਿਰਦੇਸ਼ ਆਉਣ ਮਗਰੋਂ ਹੀ ਮੈਂ ਅੰਤਿਮ ਫੈ਼ਸਲਾ ਲਵਾਂਗਾ।’ ਐਤਵਾਰ ਨੂੰ ਬੰਗਲੁਰੂ ਵਿੱਚ ਪੁਜਾਰੀਆਂ ਵੱਲੋਂ ਰੱਖੀ ਗਈ ਮਹਾਸਭਾ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ’ਤੇ ਪੂਰਾ ਭਰੋਸਾ ਹੈ, ਇਸ ਲਈ ਮਹਾਸਭਾ ਰੱਖਣ ਦੀ ਕੋਈ ਲੋੜ ਨਹੀਹੈ।’ ਉਨ੍ਹਾਂ ਦੀ ਥਾਂ ਦਲਿਤ ਮੁੱਖ ਮੰਤਰੀ ਨੂੰ ਅਹੁਦਾ ਦੇਣ ਦੀ ਗੱਲ ਪੁੱਛਣ ’ਤੇ ਸ੍ਰੀ ਯੇਦੀਯੁਰੱਪਾ ਨੇ ਕਿਹਾ, ‘ਇਸ ਸਬੰਧੀ ਕੋਈ ਵੀ ਫ਼ੈਸਲਾ ਮੈਂ ਨਹੀਂ ਕਰਨਾ, ਸਗੋਂ ਇਹ ਫ਼ੈਸਲਾ ਹਾਈ ਕਮਾਂਡ ਦਾ ਹੋਵੇਗਾ। ਪਹਿਲਾਂ ਅਸੀਂ ਵੇਖਾਂਗੇ ਕਿ ਹਾਈ ਕਮਾਂਡ ਵੱਲੋਂ ਅੱਜ ਕੀ ਫ਼ੈਸਲਾ ਲਿਆ ਜਾਂਦਾ ਹੈ।’ -ਪੀਟੀਆਈ
ਯੇਦੀਯੁਰੱਪਾ ਨੇ ਬਹੁਤ ਵਧੀਆ ਕੰਮ ਕੀਤਾ ਹੈ: ਨੱਡਾ
ਪਣਜੀ: ਕਰਨਾਟਕ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਯੇਦੀਯੁਰੱਪਾ ਨੂੰ ਹਟਾਏ ਜਾਣ ਸਬੰਧੀ ਲੱਗ ਰਹੇ ਕਿਆਸਾਂ ਨੂੰ ਖਾਰਜ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਨੇ ਹੁਣ ਤੱਕ ਵਧੀਆ ਕੰਮ ਕੀਤੇ ਹਨ। ਕਰਨਾਟਕ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ ਤੇ ਯੇਦੀਯੁਰੱਪਾ ਆਪਣੇ ਢੰਗ ਨਾਲ ਸਾਰੇ ਕੰਮ ਬਾਖੂਬੀ ਕਰ ਰਹੇ ਹਨ। ਸ੍ਰੀ ਨੱੱਡਾ ਗੋਆ ਦੇ ਦੋ ਰੋਜ਼ਾ ਦੌਰੇ ਦੌਰਾਨ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸੂਬੇ ਵਿੱਚ ਲੀਡਰਸ਼ਿੱਪ ਦੇ ਸੰਕਟ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਇਹ ਸੰਕਟ ਤੁਹਾਨੂੰ ਮਹਿਸੂਸ ਹੋ ਰਿਹਾ ਹੈ, ਸਾਨੂੰ ਨਹੀਂ।’
ਵੀਰਸ਼ੈਵ-ਲਿੰਗਾਇਤ ਪੁਜਾਰੀਆਂ ਵੱਲੋਂ ਯੇਦੀਯੁਰੱਪਾ ਦਾ ਸਮਰਥਨ
ਬੰਗਲੂਰੂ: ਕਰਨਾਟਕ ਦੇ ਵੱਖ-ਵੱਖ ਖੇਤਰਾਂ ’ਚੋਂ ਪੰਜ ਸੌ ਤੋਂ ਵੱਧ ਵੀਰਸ਼ੈਵ-ਲਿੰਗਾਇਤ ਸਾਧੂਆਂ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਅਹੁਦੇ ’ਤੇ ਬਣੇ ਰਹਿਣ ਦੇਣਾ ਚਾਹੀਦਾ ਹੈ। ਬਾਲੇਹੋਸੂਰ ਮੱਠ ਦੇ ਪੁਜਾਰੀ ਦਿੰਗਲੇਸ਼ਵਰ ਸਵਾਮੀ, ਤਿਪਤੁਰ ਦੇ ਰੁਦਰਮੁਨੀ ਸਵਾਮੀ ਅਤੇ ਚਿਤਰਦੁਰਗ ਦੇ ਬਸਵਕੁਮਾਰ ਸਵਾਮੀ ਦੇ ਸੱਦੇ ’ਤੇ ਪੁਜਾਰੀਆਂ (ਮਹੰਤਾਂ) ਨੇ ਪੈਲੇਸ ਗਰਾਊਂਡ ਵਿੱਚ ਇੱਕ ਸਮਾਗਮ ਕੀਤਾ ਅਤੇ ਯੇਦੀਯੁਰੱਪਾ ਦੇ ਹੱਕ ’ਚ ਮਤਾ ਪਾਸ ਕੀਤਾ। ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਸੰਕੇਤ ਦਿੰਦਿਆਂ ਯੇਦੀਯੁਰੱਪਾ ਨੇ 22 ਜੁਲਾਈ ਨੂੰ ਕਿਹਾ ਸੀ ਕਿ ਉਹ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਐਤਵਾਰ ਸ਼ਾਮ ਨਿਰਦੇਸ਼ ਦਿੱਤਾ ਜਾਵੇਗਾ, ਜਿਸ ਦੀ ਉਹ ਪਾਲਣਾ ਕਰਨਗੇ। ਸਭਾ ’ਚ ਵਿੱਚ ਦਿੰਗਲੇਸ਼ਵਰ ਸਵਾਮੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹਟਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ, ‘ਯੇਦੀਯੁਰੱਪਾ ਨੂੰ ਹਟਾਉਣਾ ਠੀਕ ਨਹੀਂ ਹੈ। ਅਸੀ ਮੁੱਖ ਮੰਤਰੀ ਦਾ ਉਤਸ਼ਾਹ ਵਧਾਉਣ ਲਈ ਇੱਥੇ ਸਭਾ ਕੀਤੀ ਹੈ। ਅਸੀਂ ਨਾ ਤਾਂ ਕਿਸੇ ਦੇ ਪੱਖ ਵਿੱਚ ਹਾਂ ਅਤੇ ਨਾ ਹੀ ਕਿਸੇ ਦੇ ਵਿਰੋਧ ’ਚ। ਸਾਡਾ ਟੀਚਾ ਇਹ ਦੇਖਣਾ ਹੈ ਕਿ ਚੰਗਾ ਕੰਮ ਕਰਨ ਵਾਲੇ ਮੁੱਖ ਮੰਤਰੀ ਨੂੰ ਅਹੁਦੇ ’ਤੇ ਬਣੇ ਦੀ ਆਗਿਆ ਮਿਲਣੀ ਚਾਹੀਦੀ ਹੈ।’ ਸਭਾ ’ਚ ਸ਼ਾਮਲ ਇੱਕ ਸਾਧੂ ਨੇ ਕਿਹਾ ਕਿ ਸਿਆਸਤਦਾਨ ਪ੍ਰਸ਼ਾਸਨ ’ਚ ਸੁਧਾਰ ਲਿਆਉਂਦੇ ਹਨ, ਜਦਕਿ ਪੁੁਜਾਰੀ/ਮਹੰਤ ਸਮਾਜ ਅਤੇ ਲੋਕਾਂ ’ਚ ਵਿੱਚ ਸੁਧਾਰ ਲਿਆਉਣ ’ਚ ਭੂਮਿਕਾ ਨਿਭਾਉਂਦੇ ਹਨ। ਜਦੋਂ ਕੋਈ ਨੇਤਾ ਚੰਗਾ ਕੰਮ ਕਰਦਾ ਹੈ ਤਾਂ ਉਸ ਹਟਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਕਰਕੇ ਪਾਰਟੀ ਲੀਡਰਸ਼ਿਪ ਨੂੰ ਚੇਤੰਨ ਕਰਨ ਵਾਸਤੇ ਉਸ ’ਤੇ ਦਬਾਅ ਬਣਾਉਣਾ ਸੰਤ ਸਮਾਜ ਦਾ ਫਰਜ਼ ਹੈ। -ਪੀਟੀਆਈ