ਚੇਨੱਈ: ਆਮਦਨ ਕਰ (ਆਈਟੀ) ਅਧਿਕਾਰੀਆਂ ਵੱਲੋਂ ਅੱਜ ਡੀਐੱਮਕੇ ਦੇ ਨੇਤਾ ਈ.ਵੀ. ਵੇਲੂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਆਈਟੀ ਵਿਭਾਗ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਜਦੋਂ ਡੀਐੱਮਕੇ ਮੁਖੀ ਐੱਮ.ਕੇ. ਸਟਾਲਿਨ ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਨੇਤਾ ਈ.ਵੀ. ਵੇਲੂ ਦੇ ਹੱਕ ’ਚ ਤਿਰੂਵੰਨਾਮਲਾਈ ’ਚ ਚੋਣ ਪ੍ਰਚਾਰ ਕਰ ਰਹੇ ਸਨ। ਸਾਬਕਾ ਮੰਤਰੀ ਵੇਲੂ ਤਿਰੂਵੰਨਾਮਲਾਈ ਹਲਕੇ ਤੋਂ ਦੁਬਾਰਾ ਚੋਣ ਲੜ ਰਹੇ ਹਨ। ਆਈਟੀ ਦੇ ਛਾਪਿਆਂ ਬਾਰੇ ਪ੍ਰਤੀਕ੍ਰਮ ਦਿੰਦਿਆਂ ਡੀਐੱਮਕੇ ਦੇ ਖਜ਼ਾਨਚੀ ਦੁਰੀਆਮੁਰਾਗਨ ਨੇ ਕਿਹਾ ਕਿ ਇਹ ਛਾਪੇ ਸਿਆਸੀ ਮੰਤਵ ਨਾਲ ਮਾਰੇ ਗਏ ਹਨ। ਉਨ੍ਹਾਂ ਕਿਹਾ, ‘ਇਹ ਛਾਪੇ ਇਸ ਕਰਕੇ ਮਾਰੇ ਜਾ ਰਹੇ ਹਨ ਕਿਉਂਕਿ ਡੀਐੱਮਕੇ ਨੂੰ ਚੋਣਾਂ ਵਿੱਚ ਨਹੀਂ ਹਰਾਇਆ ਜਾ ਸਕਦਾ।’ -ਆਈਏਐੱਨਐੱਸ