ਨਵੀਂ ਦਿੱਲੀ: ‘ਇਨਫੋਸਿਸ’ ਵੱਲੋਂ ਵਿਕਸਿਤ ਕੀਤੇ ਗਏ ਆਮਦਨ ਕਰ ਵਿਭਾਗ ਦੇ ਟੈਕਸ ਰਿਟਰਨ ਫਾਈਲ ਕਰਨ ਵਾਲੇ ਨਵੇਂ ਪੋਰਟਲ ਵਿਚ ਦੁਬਾਰਾ ਤਕਨੀਕੀ ਖਰਾਬੀ ਆਉਣੀ ਸ਼ੁਰੂ ਹੋ ਗਈ ਹੈ। ਇਹ ਸਾਲ ਪਹਿਲਾਂ ਸੱਤ ਜੂਨ, 2021 ਨੂੰ ਲਾਂਚ ਕੀਤਾ ਗਿਆ ਸੀ ਤੇ ਇਸ ਵਿਚ ਉਦੋਂ ਤੋਂ ਹੀ ਖਰਾਬੀ ਆ ਰਹੀ ਹੈ। ਲਾਂਚ ਤੋਂ ਬਾਅਦ ਕਈ ਹਫ਼ਤਿਆਂ ਤੱਕ ਪੋਰਟਲ ਵਿਚ ਤਕਨੀਕੀ ਖਰਾਬੀ ਆਉਂਦੀ ਰਹੀ ਜਦਕਿ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਕਰਦਾਤਾ ਦਾ ਕੰਮ ਸੌਖਾ ਹੋਵੇਗਾ। ਉਨ੍ਹਾਂ ਨੂੰ ਰਿਟਰਨ ਦਾਖਲ ਕਰਨ ਤੇ ਰਿਫੰਡ ਲੈਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਆਵੇਗੀ। ਹੁਣ ਇਸ ਵਿਚ ਮੁੜ ਖਰਾਬੀ ਆ ਰਹੀ ਹੈ ਤੇ ਬਹੁਤੇ ਇਹ ਸੋਚਣ ਲਈ ਮਜਬੂਰ ਹਨ ਕਿ ਕਿਤੇ ਇਸ ਨੂੰ ਪਹਿਲੀ ਵਰ੍ਹੇਗੰਢ ਉਤੇ ਕੋਈ ਹੈਕ ਤਾਂ ਨਹੀਂ ਕੀਤਾ ਜਾ ਰਿਹਾ। ਕਈ ਵਰਤੋਂਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਪੋਰਟਲ ਵਿਚ ‘ਲੌਗਇਨ’ ਨਹੀਂ ਕਰ ਪਾ ਰਹੇ ਹਨ ਜਦਕਿ ਕਈਆਂ ਮੁਤਾਬਕ ਪੋਰਟਲ ਉਤੇ ‘ਸਰਚ’ ਨਹੀਂ ਹੋ ਰਿਹਾ ਹੈ। ਆਈਟੀ ਵਿਭਾਗ ਨੇ ਕਿਹਾ ਕਿ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿਚ ਹਨ ਤੇ ‘ਇਨਫੋਸਿਸ’ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਹ ਇਸ ਨੂੰ ਠੀਕ ਕਰਨ ਲਈ ਯਤਨ ਕਰ ਰਹੇ ਹਨ। -ਪੀਟੀਆਈ