ਨਵੀਂ ਦਿੱਲੀ, 20 ਅਗਸਤ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਕਿਹਾ ਕਿ ਹੁਣ ਸਿਆਸੀ ਮਜਬੂਰੀਆਂ ਤੋਂ ਉੱਪਰ ਉੱਠ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ‘ਇਕੋ-ਇਕ ਮੰਤਵ’ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਕਾਂਗਰਸ ਪ੍ਰਧਾਨ ਨੇ ਅੱਜ ਭਾਜਪਾ ਵਿਰੋਧੀ ਤਾਕਤਾਂ ਦੇ ਵਿਆਪਕ ਏਕੇ ਦਾ ਸੱਦਾ ਵੀ ਦਿੱਤਾ। ਸੋਨੀਆ ਨੇ ਕਿਹਾ ਕਿ ‘ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆਪਣੇ ਵਿਅਕਤੀਗਤ ਤੇ ਸਮੂਹਿਕ ਸੰਕਲਪ ਉਤੇ ਮੁੜ ਜ਼ੋਰ ਦੇਣ ਦਾ ਸਭ ਤੋਂ ਢੁੱਕਵਾਂ ਮੌਕਾ ਹੈ। ਮੈਂ ਇਹੀ ਕਹਾਂਗੀ ਕਿ ਕਾਂਗਰਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ।’ ਕਾਂਗਰਸ ਪ੍ਰਧਾਨ ਨੇ 19 ਵਿਰੋਧੀ ਪਾਰਟੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਤਜਵੀਜ਼ਾਂ ਤੇ ਸੁਤੰਤਰਾ ਅੰਦੋਲਨ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਦੇ ਗਠਨ ਲਈ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਜਦ ਰਾਸ਼ਟਰ ਹਿੱਤ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠੀਏ। ਵਿਰੋਧੀ ਪਾਰਟੀਆਂ ਦੀ ਇਸ ਵਰਚੁਅਲ ਬੈਠਕ ਵਿਚ ਐਨਸੀਪੀ ਦੇ ਸ਼ਰਦ ਪਵਾਰ, ਟੀਐਮਸੀ ਦੀ ਮਮਤਾ ਬੈਨਰਜੀ, ਸ਼ਿਵ ਸੈਨਾ ਦੇ ਊਧਵ ਠਾਕਰੇ ਤੇ ਡੀਐਮਕੇ ਦੇ ਐਮ.ਕੇ. ਸਟਾਲਿਨ ਨੇ ਹਿੱਸਾ ਲਿਆ। ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇਸ ਮੌਕੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਖ਼ਰੇਵੇਂ ਦੂਰ ਕਰ ਕੇ ਭਾਜਪਾ ਨੂੰ 2024 ਵਿਚ ਹਰਾਉਣ ਲਈ ਕੰਮ ਕਰਨ। ਬੈਨਰਜੀ ਨੇ ਇਸ ਮੌਕੇ ਸਾਂਝੇ ਪ੍ਰੋਗਰਾਮ ਲਈ ਕੋਰ ਗਰੁੱਪ ਬਣਾਉਣ ਦੀ ਤਜਵੀਜ਼ ਵੀ ਰੱਖੀ।