ਨਵੀਂ ਦਿੱਲੀ, 28 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਬੇਰੁਜ਼ਗਾਰੀ ਦੇ ਮੁੱਦੇ ’ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹਨ ਪਰ ਹਾਕਮ ਧਿਰ ਉਨ੍ਹਾਂ ਨੂੰ ਬੋਝ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਟਵੀਟ ਕੀਤਾ, ‘22 ਕਰੋੜ ਨੌਜਵਾਨ ਅੱਠ ਸਾਲਾਂ ਤੋਂ ਸਰਕਾਰੀ ਨੌਕਰੀਆਂ ਦੀ ਕਤਾਰ ’ਚ ਲੱਗੇ, ਨੌਕਰੀ ਮਿਲੀ 7.22 ਲੱਖ ਨੂੰ। ਮਤਲਬ ਇੱਕ ਹਜ਼ਾਰ ’ਚੋਂ ਸਿਰਫ਼ 3 ਨੂੰ। ਬੇਰੁਜ਼ਗਾਰੀ ਬਾਰੇ ਸਵਾਲ ਪੁੱਛਣ ’ਤੇ ਰਾਜੇ ਨੂੰ ਗੁੱਸਾ ਆਉਂਦਾ ਹੈ। ਸੱਚ ਤਾਂ ਇਹ ਹੈ ਕਿ ਰੁਜ਼ਗਾਰ ਦੇਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ।’ ਰਾਹੁਲ ਗਾਂਧੀ ਨੇ ਕਿਹਾ, ‘ਨੌਜਵਾਨ ਦੇਸ਼ ਦਾ ਸਰਮਾਇਆ ਹਨ। ਭਾਜਪਾ ਉਨ੍ਹਾਂ ਨੂੰ ਬੋਝ ਦੀ ਤਰ੍ਹਾਂ ਦਿਖਾ ਰਹੀ ਹੈ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨੌਜਵਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਪਿਛਲੇ ਅੱਠ ਸਾਲਾਂ ਦੌਰਾਨ 22 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਫਾਰਮ ਭਰੇ ਪਰ ਭਾਜਪਾ ਸਰਕਾਰ ਹਰ ਸਾਲ ਸਿਰਫ਼ 87 ਹਜ਼ਾਰ ਨੌਜਵਾਨਾਂ ਨੂੰ ਹੀ ਨੌਕਰੀ ਦੇ ਸਕੀ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ, ਜਿਨ੍ਹਾਂ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਨੌਜਵਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ। ਸੰਸਦ ’ਚ ਬੇਰੁਜ਼ਗਾਰੀ ਬਾਰੇ ਜਵਾਬ ਗਾਇਬ ਹਨ। ਨੌਜਵਾਨ ਜਵਾਬ ਚਾਹੁੰਦੇ ਹਨ।’ ਜ਼ਿਕਰਯੋਗ ਹੈ ਕਿ ਬੀਤੇ ਦਿਨ ਸਰਕਾਰ ਨੇ ਲੋਕ ਸਭਾ ’ਚ ਲਿਖਤੀ ਤੌਰ ’ਤੇ ਦੱਸਿਆ ਸੀ ਕਿ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਵਾਂ ’ਚ ਨਿਯੁਕਤੀ ਲਈ 22.05 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਤੇ ਭਰਤੀ ਏਜੰਸੀਆਂ ਵੱਲੋਂ 7.22 ਲੱਖ ਉਮੀਦਵਾਰਾਂ ਦੀ ਭਰਤੀ ਕੀਤੀ ਗਈ। -ਪੀਟੀਆਈ