ਨਵੀਂ ਦਿੱਲੀ, 25 ਮਾਰਚ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਨੂੰ ‘ਸੰਘ ਪਰਿਵਾਰ’ ਕਹਿਣਾ ਸਹੀ ਨਹੀਂ ਹੈ ਕਿਉਂਕਿ ਪਰਿਵਾਰ ’ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਸੰਵੇਦਨਾ ਤੇ ਲਗਾਓ ਦੀ ਭਾਵਨਾ ਹੁੰਦੀ ਹੈ ਜੋ ਇਸ ਜਥੇਬੰਦੀ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਰਐੱਸਐੱਸ ਨੂੰ ਕਦੀ ਵੀ ਸੰਘ ਪਰਿਵਾਰ ਨਹੀਂ ਕਹਿਣਗੇ। ਕਾਂਗਰਸ ਆਗੂ ਨੇ ਬੀਤੇ ਦਿਨ ਦੋਸ਼ ਲਾਇਆ ਸੀ ਉੱਤਰ ਪ੍ਰਦੇਸ਼ ’ਚ ਕੇਰਲਾ ਆਧਾਰਿਤ ਈਸਾਈ ਸਾਧਵੀਆਂ ਨੂੰ ਸੰਘ ਪਰਿਵਾਰ ਦੇ ਮਾੜੇ ਏਜੰਡੇ ਤਹਿਤ ਪ੍ਰੇਸ਼ਾਨ ਕੀਤਾ ਗਿਆ ਹੈ।
ਰਾਹੁਲ ਨੇ ਅੱਜ ਟਵੀਟ ਕੀਤਾ, ‘ਮੇਰਾ ਮੰਨਣਾ ਹੈ ਕਿ ਆਰਐੱਸਐੱਸ ਤੇ ਸਬੰਧਤ ਜਥੇਬੰਦੀ ਨੂੰ ਸੰਘ ਪਰਿਵਾਰ ਕਹਿਣਾ ਠੀਕ ਨਹੀਂ ਹੈ ਕਿਉਂਕਿ ਪਰਿਵਾਰ ’ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਸੰਵੇਦਨਾ ਤੇ ਲਗਾਓ ਦੀ ਭਾਵਨਾ ਹੁੰਦੀ ਹੈ, ਜੋ ਆਰਐੱਸਐੱਸ ’ਚ ਨਹੀਂ ਹੈ। ਹੁਣ ਆਰਐੱਸਐੱਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।’
ਇਸੇ ਦੌਰਾਨ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਵੀ ਅੱਜ ਈਸਾਈ ਸਾਧਵੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਮੁੱਦਾ ਸਦਨ ’ਚ ਚੁੱਕਿਆ। ਜ਼ਿਕਰਯੋਗ ਹੈ ਕਿ ਲੰਘੀ 19 ਮਾਰਚ ਨੂੰ ਹਰਿਦੁਆਰ-ਪੁਰੀ ਉਤਕਲ ਐੱਕਸਪ੍ਰੈੱਸ ਰਾਹੀਂ ਸਫ਼ਰ ਕਰ ਰਹੀਆਂ ਈਸਾਈ ਸਾਧਵੀਆਂ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਮੈਂਬਰਾਂ ਨੇ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ’ਚੋਂ ਚਾਰ ਨੂੰ ਜਬਰੀ ਝਾਂਸੀ ਦੇ ਰੇਲਵੇ ਸਟੇਸ਼ਨ ’ਤੇ ਉਤਾਰ ਦਿੱਤਾ। -ਪੀਟੀਆਈ