ਅਯੁੱਧਿਆ (ਯੂਪੀ), 24 ਜਨਵਰੀ
ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਨੇ ਕਿਹਾ ਹੈ ਕਿ ਅੱਛਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਹਲਕੇ ਤੋਂ ਚੋਣ ਨਹੀਂ ਲੜ ਰਹੇ ਕਿਉਂਕਿ ਇੱਥੇ ਉਨ੍ਹਾਂ ਦਾ ਕਾਫ਼ੀ ਵਿਰੋਧ ਹੋਣਾ ਸੀ। ਇਹ ਪੁੱਛਣ ’ਤੇ ਕਿ ਉਨ੍ਹਾਂ ਇਹ ਸੁਝਾਅ ਕਿਉਂ ਦਿੱਤਾ ਕਿ ਆਦਿਤਿਆਨਾਥ ਨੂੰ ਅਯੁੱਧਿਆ ਤੋਂ ਚੋਣ ਨਹੀਂ ਲੜਨੀ ਚਾਹੀਦੀ, ਉਨ੍ਹਾਂ ਕਿਹਾ ਕਿ ਉਨ੍ਹਾਂ ‘ਇਹ ਸੁਝਾਅ ਰਾਮ ਲੱਲਾ (ਭਗਵਾਨ ਰਾਮ) ਤੋਂ ਸੁਆਲ ਪੁੱਛਣ ਮਗਰੋਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਆਦਿਤਿਆਨਾਥ ਨੂੰ ਗੋਰਖਪੁਰ ਤੋਂ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਇੱਥੇ ਜਿਨ੍ਹਾਂ ਲੋਕਾਂ ਦੇ ਘਰ ਤੇ ਦੁਕਾਨਾਂ ਮੰਦਰ ਦੀ ਉਸਾਰੀ ਕਾਰਨ ਢਾਹੇ ਗਏ ਸਨ, ਉਹ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਆਚਾਰਿਆ ਦਾਸ ਨੇ ਕਿਹਾ,‘ਅੱਛਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇੱਥੋਂ ਚੋਣ ਨਹੀਂ ਲੜ ਰਹੇ। ਮੈਂ ਪਹਿਲਾਂ ਹੀ ਇਹ ਸੁਝਾਅ ਦਿੱਤਾ ਸੀ ਤੇ ਸਲਾਹ ਦਿੱਤੀ ਸੀ ਕਿ ਇਹ ਚੰਗਾ ਹੋਵੇਗਾ ਕਿ ਉਹ ਗੋਰਖਪੁਰ ਦੀ ਕਿਸੇ ਹੋਰ ਸੀਟ ਤੋਂ ਚੋਣ ਲੜ ਲੈਣ। ਰਾਮ ਲੱਲਾ ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਦਾਸ ਨੇ ਕਿਹਾ,‘ਮੈਂ ਰਾਮ ਲੱਲਾ ਤੋਂ ਪੁੱਛਣ ਮਗਰੋਂ ਇਹ ਸੁਝਾਅ ਦਿੱਤਾ। ਮੈਂ ਰਾਮ ਲੱਲਾ ਦੀ ਪ੍ਰੇਰਨਾ ਨਾਲ ਇਹ ਸੁਝਾਅ ਦਿੱਤਾ ਸੀ।’ ਇੱਥੇ ਲੋਕਾਂ ਦੇ ਵੱਖੋ-ਵੱਖਰੇ ਖਿਆਲ ਹਨ ਤੇ ਜਿਨ੍ਹਾਂ ਦੇ ਘਰ ਤੇ ਦੁਕਾਨਾਂ ਢਾਹੀਆਂ ਗਈਆਂ ਹਨ, ਉਹ ਆਦਿਤਿਆਨਾਥ ਦੇ ਖ਼ਿਲਾਫ਼ ਹਨ। ਦਰਅਸਲ, ਵੱਡੇ ਪੱਧਰ ’ਤੇ ਸਿਆਸੀ ਹਲਕਿਆਂ ਵਿੱਚ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਆਦਿਤਿਆਨਾਥ, ਅਯੁੱਧਿਆ ਤੋਂ ਚੋਣ ਲੜਨਗੇ ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਗੋਰਖਪੁਰ (ਸ਼ਹਿਰੀ) ਹਲਕੇ ਤੋਂ ਚੋਣ ਲੜਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਰਾਮ ਮੰਦਰ ਦਾ ਮੁੱਦਾ ਨਹੀਂ ਛੱਡੇਗੀ ਤੇ ਇਹ ਉਨ੍ਹਾਂ ਦੇ ਏਜੰਡੇ ’ਤੇ ਰਹੇਗਾ। ਉਨ੍ਹਾਂ ਆਪਣੇ ਜ਼ਿੰਦਾ ਰਹਿੰਦਿਆਂ ਰਾਮ ਮੰਦਰ ਦੀ ਉਸਾਰੀ ਮੁਕੰਮਲ ਹੁੰਦਿਆਂ ਵੇਖਣ ਦੀ ਆਸ ਪ੍ਰਗਟਾਈ। -ਪੀਟੀਆਈ
ਮੀਰਾਂਪੁਰ ਤੋਂ ਭਾਜਪਾ ਉਮੀਦਵਾਰ ਖ਼ਿਲਾਫ਼ ਕੇਸ ਦਰਜ
ਮੁਜ਼ੱਫਰਪੁਰ: ਯੂਪੀ ਵਿਧਾਨ ਸਭਾ ਚੋਣਾਂ ਤਹਿਤ ਮੀਰਾਂਪੁਰ ਤੋਂ ਭਾਜਪਾ ਉਮੀਦਵਾਰ ਖ਼ਿਲਾਫ਼ ਇੱਕ ਚੋਣ ਮੀਟਿੰਗ ਵਿੱਚ ਭੜਕਾਊ ਭਾਸ਼ਣ ਦੇਣ ਤੇ ਘਰ-ਘਰ ਜਾ ਕੇ ਪ੍ਰਚਾਰ ਕਰਨ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕਾਕਰੋਲੀ ਥਾਣੇ ਦੇ ਐੱਸਐੱਚਓ ਸੁਨੀਲ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਂਤ ਗੁੱਜਰ ਤੇ ਉਸਦੇ 40 ਸਮਰਥਕਾਂ ਖ਼ਿਲਾਫ਼ ਬਿਨਾਂ ਮਨਜ਼ੂਰੀ ਮੀਟਿੰਗ ਕਰਨ ਦੇ ਦੋਸ਼ ਹੇਠ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਇਸ ਘਟਨਾ ਸਬੰਧੀ ਵਾਇਰਲ ਵੀਡੀਓ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ, ਜਿਸ ’ਚ ਗੁੱਜਰ ਤੇ ਉਸਦੇ ਸਮਰਥਕ ਛੋਰਾਵਾਲਾ ਪਿੰਡ ਵਿੱਚ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਪਾਉਣ ਲਈ ਅਪੀਲ ਕਰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਮੀਟਿੰਗ ਜ਼ਿਲ੍ਹਾ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਤੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਕੀਤੀ ਗਈ ਹੈ। -ਪੀਟੀਆਈ