ਨਵੀਂ ਦਿੱਲੀ, 16 ਅਗਸਤ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਸ਼ੁਰੂ ਹੋਣ ਮੌਕੇ ਅੱਜ ਲੋਕਾਂ ਨੂੰ ਇਸ ਗੱਲ ਦਾ ਆਤਮ ਮੰਥਨ ਕਰਨ ਦਾ ਸੱਦਾ ਦਿੱਤਾ ਕਿ ਆਜ਼ਾਦੀ ਦੇ ਕੀ ਮਾਇਨੇ ਹਨ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਬੁਨਿਆਦੀ ਅਧਿਕਾਰਾਂ ਤੇ ਸੰਵਿਧਾਨ ਨੂੰ ਮਧੋਲਿਆ ਜਾ ਰਿਹਾ ਹੋਵੇ ਤਾ ਚੁੱਪ ਰਹਿਣਾ ਪਾਪ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਮੁੜ ਤੋਂ ਸਹੀ ਸਥਿਤੀ ’ਚ ਲਿਆਉਣ ਦੀ ਲੋੜ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇੱਕ ਅੰਗਰੇਜ਼ੀ ਅਖ਼ਬਾਰ ’ਚ ਛਪੇ ਸੋਨੀਆ ਗਾਂਧੀ ਦੇ ਲੇਖ ਦਾ ਹਵਾਲਾ ਦਿੱਤਾ, ‘ਜਦੋਂ ਸਾਡਾ ਸੰਵਿਧਾਨ ਬਣਾਉਣ ਵਾਲਿਆਂ ਵੱਲੋਂ ਗਾਰੰਟੀ ਵਜੋਂ ਦਿੱਤੇ ਗਏ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਮਧੋਲਿਆ ਜਾ ਰਿਹਾ ਹੈ ਤਾਂ ਚੁੱਪ ਰਹਿਣਾ ਪਾਪ ਹੈ।’ ਉਨ੍ਹਾਂ ਕਿਹਾ ਕਿ ਇਸ ਲੇਖ ’ਚ ਕਾਂਗਰਸ ਪ੍ਰਧਾਨ ਨੇ ਇਸ ਬਾਰੇ ਗੱਲ ਕੀਤੀ ਕਿ ਲੋਕਾਂ ਲਈ ਆਜ਼ਾਦੀ ਦੇ ਕੀ ਮਾਇਨੇ ਹਨ। ਇਸ ਲੇਖ ’ਚ ਸੋਨੀਆ ਗਾਂਧੀ ਨੇ ਕਿਹਾ ਜਦੋਂ ਸਰਕਾਰ ਸੰਸਦ ’ਤੇ ਹਮਲੇ ਕਰਦੀ ਹੈ ਅਤੇ ਰਵਾਇਤਾਂ ਨੂੰ ਮਧੋਲਦੀ ਹੈ, ਲੋਕਤੰਤਰ ਨੂੰ ਗੁਲਾਮ ਬਣਾ ਦਿੰਦੀ ਹੈ ਅਤੇ ਸੰਵਿਧਾਨ ਨੂੰ ਉਲੰਘਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਕਿ ਆਜ਼ਾਦੀ ਦੇ ਕੀ ਮਾਇਨੇ ਹਨ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੌਜੂਦਾ ਸਮੇਂ ਪੱਤਰਕਾਰਾਂ ਨੂੰ ਸੱਚ ਲਿਖਣ, ਟੀਵੀ ਚੈਨਲਾਂ ਨੂੰ ਸਚਾਈ ਦਿਖਾਉਣ ਦੇ ਲੇਖਕਾਂ ਤੇ ਵਿਚਾਰਕਾਂ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਹੈ। -ਪੀਟੀਆਈ