ਨਵੀਂ ਦਿੱਲੀ, 15 ਫਰਵਰੀ
ਕਿਸਾਨੀ ਸੰਘਰਸ਼ ਨਾਲ ਸਬੰਧਤ ‘ਟੂਲਕਿੱਟ’ ਨੂੰ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਸ਼ੇਅਰ ਕਰਨ ਦੇ ਦੋਸ਼ ਹੇਠ ਦਿੱਲੀ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪੁਲੀਸ ਵੱਲੋਂ ਨਿਕਿਤਾ ਅਤੇ ਸ਼ਾਂਤਨੂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਦੋਵੇਂ ਕਥਿਤ ਤੌਰ ’ਤੇ ਦਸਤਾਵੇਜ਼ ਤਿਆਰ ਕਰਨ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ’ਤੇ ਖਾਲਿਸਤਾਨੀ ਪੱਖੀਆਂ ਨਾਲ ਸਿੱਧੇ ਸੰਪਰਕ ਰੱਖਣ ਦਾ ਦੋਸ਼ ਹੈ। ਕਾਬਿਲੇਗੌਰ ਹੈ ਕਿ ਦੋ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਸੀ। ਟੂਲਕਿੱਟ ਨੂੰ ਕੁਝ ਆਲੋਚਕਾਂ ਨੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰਨ ਦੀ ਉਸਦੀ ਸਾਜਿਸ਼ ਦਾ ‘ਸਬੂਤ’ ਦੱਸਿਆ ਹੈ। ਦਿੱਲੀ ਪੁਲੀਸ ਨੇ ਅੱਜ ਦੋਸ਼ ਲਾਇਆ ਕਿ ਦਿਸ਼ਾ ਰਵੀ ਸਣੇ ਦੋ ਹੋਰ ਸ਼ੱਕੀਆਂ ਨਿਕਿਤਾ ਜੈਕਬ ਅਤੇ ਸ਼ਾਂਤਨੂ ਨੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਿਤ ‘ਟੂਲਕਿਟ’ ਡਾਕੂਮੈਂਟ ਤਿਆਰ ਕਰ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਇਹ ਟੂਲਕਿਟ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੂੰ ਟੈਲੀਗ੍ਰਾਮ ਐਪ ਰਾਹੀਂ ਭੇਜਿਆ ਸੀ। ਪੁਲੀਸ ਦੇ ਜੁਆਇੰਟ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇ ਕਿਹਾ ਕਿ ਦਿਸ਼ਾ ਵੱਲੋਂ ਟੂਲਕਿਟ ਨੂੰ ਫੈਲਾਉਣ ਲਈ ਬਣਾਇਆ ਵ੍ਹਟਸਐਪ ਗਰੁੱਪ ਵੀ ਡਿਲੀਟ ਕਰ ਦਿੱਤਾ ਗਿਆ। ਦਿਸ਼ਾ (21) ਨੂੰ ਪੁਲੀਸ ਨੇ ਸ਼ਨਿਚਰਵਾਰ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਟੂਲਕਿੱਟ ਨੂੰ 18 ਸਾਲਾ ਗ੍ਰੇਟਾ ਥੁਨਬਰਗ ਨੇ ਟਵੀਟ ਕੀਤਾ ਸੀ। -ਏਜੰਸੀ