ਗੁਹਾਟੀ, 18 ਅਕਤੂਬਰ
ਅਸਾਮ ਪੁਲੀਸ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਤੇ ਅਤਿਵਾਦੀ ਜਥੇਬੰਦੀ ਅਲ-ਕਾਇਦਾ ਰਾਜ ਵਿਚ ਹਮਲੇ ਕਰ ਸਕਦੀ ਹੈ। ਉਹ ਹਮਲਿਆਂ ਲਈ ਸੂਬੇ ਵਿਚ ਕਥਿਤ ਤੌਰ ’ਤੇ ਮੁਸਲਮਾਨਾਂ ਉਤੇ ਹੋ ਰਹੇ ਅਤਿਆਚਾਰਾਂ ਨੂੰ ਬਹਾਨਾ ਬਣਾ ਸਕਦੇ ਹਨ। ਸਹਾਇਕ ਆਈਜੀਪੀ (ਕਾਨੂੰਨ ਤੇ ਵਿਵਸਥਾ) ਵੱਲੋਂ ਜਾਰੀ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਸੂਬਾ ਪੁਲੀਸ ਦੀ ਵਿਸ਼ੇਸ਼ ਸ਼ਾਖਾ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਸਰਕੁਲਰ ਵਿਚ ਕਿਹਾ ਗਿਆ ਹੈ ਕਿ ਆਈਐੱਸਆਈ ਆਰਐੱਸਐੱਸ ਕੇਡਰ ਤੇ ਅਸਾਮ ਵਿਚ ਫ਼ੌਜੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਤੋਂ ਇਲਾਵਾ ਅਲ ਕਾਇਦਾ ਬੰਬ ਧਮਾਕੇ ਤੇ ਆਈਈਡੀ ਧਮਾਕੇ ਵੀ ਕਰ ਸਕਦੀ ਹੈ। ਇਕ ਹੋਰ ਇਨਪੁਟ ਵਿਚ ਕਿਹਾ ਗਿਆ ਹੈ ਕਿ ਅਲ-ਕਾਇਦਾ ਨੇ ‘ਕਸ਼ਮੀਰ ਤੇ ਅਸਾਮ ਵਿਚ ਜਿਹਾਦ’ ਦਾ ਸੱਦਾ ਦਿੱਤਾ ਹੈ। -ਪੀਟੀਆਈ