ਨਵੀਂ ਦਿੱਲੀ, 13 ਦਸੰਬਰ
ਆਈਆਰਸੀਟੀਸੀ ਨੇ 8 ਦਸੰਬਰ ਤੋਂ 12 ਦਸੰਬਰ ਵਿਚਾਲੇ ਆਪਣੇ ਗਾਹਕਾਂ ਨੂੰ ਤਕਰੀਬਨ ਦੋ ਕਰੋੜ ਈਮੇਲਾਂ ਭੇਜੀਆਂ ਹਨ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹੱਕ ਵਿੱਚ ਲਏ ਗਏ 13 ਫੈਸਲਿਆਂ ਦੀ ਸੂਚੀ ਦਿੱਤੀ ਗਈ ਹੈੇ। ਜਦੋਂ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ), ਰੇਲਵੇ ਦਾ ਸਰਕਾਰੀ ਮਾਲਕੀ ਵਾਲਾ ਅਦਾਰਾ ਹੈ, ਜਿਸ ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦਾ ਕਿਤਾਬਚਾ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੀ ਸਰਕਾਰ ਨਾਲ ਸਿੱਖਾਂ ਦੇ ਵਿਸ਼ੇਸ਼ ਸਬੰਧ’ ਭੇਜਿਆ ਹੈ, ਜੋ ਲੋਕਾਂ ਨੂੰ ਬਿਲਾਂ ਬਾਰੇ ਜਾਗਰੂਕ ਕਰਨ ਅਤੇ ਉਸ ਬਾਰੇ ਫੈਲੇ ਭੁਲੇਖਿਆਂ ਨੂੰ ਦੂਰ ਕਰਨ ਦੀ ਸਰਕਾਰ ਦੀ ‘ਲੋਕ ਹਿੱਤ’ ਸੋਚ ਦਾ ਹਿੱਸਾ ਹੈ। ਇਹ ਕਿਤਾਬਚੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਈਮੇਲਾਂ ਆਈਆਰਸੀਟੀਸੀ ਦੇ ਪੂਰੇ ਡੇਟਾਬੇਸ ਨੂੰ ਭੇਜੀਆਂ ਗਈਆਂ ਜਿਥੇ ਯਾਤਰੀ ਟਿਕਟਾਂ ਦੀ ਬੁਕਿੰਗ ਕਰਦੇ ਹਨ ਤੇ ਆਪਣੇ ਵੇਰਵੇ ਦਰਜ ਕਰਦੇ ਹਨ। ਪੀਐਸਯੂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਈਮੇਲ ਸਿਰਫ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਹੀ ਭੇਜੀ ਗਈ ਹੈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਆਈਆਰਸੀਟੀਸੀ ਵੱਲੋਂ ਲੋਕ ਹਿੱਤ ਵਿੱਚ ਸਰਕਾਰੀ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ। ਕੌਮੀ ਟਰਾਂਸਪੋਰਟ ਦੇ ਸੂਤਰ ਨੇ ਦੱਸਿਆ ਕਿ ਆਈਆਰਸੀਟੀਸੀ ਨੇ 12 ਅਕਤੂਬਰ ਤੱਕ ਪੰਜ ਦਿਨਾਂ ਵਿੱਚ 1.9 ਕਰੋੜ ਈਮੇਲਾਂ ਭੇਜੀਆਂ ਹਨ। -ਏਜੰਸੀ