ਚੰਡੀਗੜ੍ਹ (ਟ.ਨ.ਸ.): ਪੰਜਾਬ ਪੁਲੀਸ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਨੌਕਰੀ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਕਰੀਬ 34 ਸਾਲ ਪੁਲੀਸ ਵਿਚ ਸਰਵਿਸ ਕੀਤੀ ਅਤੇ ਇਸ ਵੇਲੇ ਉਹ ਏਡੀਜੀਪੀ (ਲਾਅ ਐਂਡ ਆਰਡਰ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਢਿੱਲੋਂ ਨੇ 18 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਸਿਹਤ ਦੇ ਹਵਾਲੇ ਨਾਲ ਸਵੈ-ਇੱਛੁਕ ਸੇਵਾਮੁਕਤੀ (ਵੀਆਰਐੱਸ) ਮੰਗੀ ਸੀ। ਮੁੱਖ ਮੰਤਰੀ ਨੇ ਉਸੇ ਦਿਨ ਉਨ੍ਹਾਂ ਦੀ ਫਾਈਲ ’ਤੇ ਪ੍ਰਵਾਨਗੀ ਪਾ ਦਿੱਤੀ ਸੀ। ਸੂਤਰਾਂ ਮੁਤਾਬਕ ਆਈਪੀਐੱਸ ਅਧਿਕਾਰੀ ਪਿਛਲੇ ਕੁਝ ਸਮੇਂ ਤੋਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਤੋਂ ਜੂਝ ਰਿਹਾ ਹੈ ਜਿਨ੍ਹਾਂ ਦੇ ਇਲਾਜ ਲਈ ਉਹ ਵਿਦੇਸ਼ ਵੀ ਗਏ ਸਨ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਮਈ ਵਿਚ ਸੇਵਾਮੁਕਤ ਹੋਣਾ ਸੀ। ਇਸੇ ਦੌਰਾਨ ਚਰਚਾ ਛਿੜ ਗਈ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਸਿਆਸਤ ਵਿਚ ਆ ਸਕਦੇ ਹਨ ਪ੍ਰੰਤੂ ਉਨ੍ਹਾਂ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਾਲੇ ਸਿਆਸਤ ਵਿਚ ਆਉਣ ਬਾਰੇ ਨਾ ਕੁਝ ਸੋਚਿਆ ਹੈ ਅਤੇ ਨਾ ਹੀ ਕੋਈ ਚਰਚਾ ਕੀਤੀ ਹੈ। ਢਿੱਲੋਂ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ,‘‘ਮੈਂ ਸਵੈ-ਇੱਛੁਕ ਸੇਵਾਮੁਕਤੀ ਲੈ ਕੇ ਆਪਣੇ ਆਪ ਨੂੰ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਿਹਾ ਹਾਂ ਅਤੇ ਹੁਣ ਦੇਖਦੇ ਹਾਂ ਕਿ ਤਕਦੀਰ ਕਿਥੇ ਲੈ ਕੇ ਜਾਂਦੀ ਹੈ।’’