ਮੁੰਬਈ, 19 ਅਪਰੈਲ
ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਲੀਗ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ 45 ਦੌੜਾਂ ਨਾਲ ਹਰਾ ਦਿੱਤਾ। ਚੇਨੱਈ ਵੱਲੋਂ ਮਿਲੇ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਟੀਮ ਨਿਰਧਾਰਿਤ 20 ਓਵਰਾਂ ’ਚ 9 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ। ਰਾਜਸਥਾਨ ਰੌਇਲਜ਼ ਵੱਲੋਂ ਜੋਸ ਬਟਲਰ ਨੇ 49 ਦੌੜਾਂ, ਮਨਨ ਵੋਹਰਾ ਨੇ 14, ਸ਼ਿਵਮ ਦੂਬੇ ਨੇ 17, ਰਾਹੁਲ ਤਵੇਤੀਆ 20 ਅਤੇ ਜੈਦੇਵ ਉਨਾਦਕਟ ਨੇ 24 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਚੇਨੱਈ ਦੇ ਗੇਂਦਬਾਜ਼ਾਂ ਦੀ ਕੱਸੀ ਹੋਈ ਗੇਂਦਬਾਜ਼ੀ ਅੱਗੇ ਉਹ ਬੇਵੱਸ ਹੋ ਗਏ। ਚੇਨੱਈ ਵੱਲੋਂ ਮੋਈਨ ਅਲੀ ਨੇ 3, ਰਵਿੰਦਰ ਜਡੇਜਾ ਤੇ ਸੈਮ ਕੁੱਰਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਡੇਵੇਨ ਬਰਾਵੋ ਤੇ ਸ਼ਾਰਦੁਲ ਠਾਕੁਰ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਚੇਨੱਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫਾਫ ਡੂ ਪਲੈਸਿਸ ਨੇ 33, ਮੋਈਨ ਅਲੀ ਨੇ 26, ਅੰਬਾਤੀ ਰਾਇਡੂ ਨੇ 27, ਕਪਤਾਨ ਐੱਮ.ਐੱਸ. ਧੋਨੀ ਦੀਆਂ 18 ਅਤੇ ਡੇਵੇਨ ਬਰਾਵੋ ਦੀਆਂ 20 ਦੌੜਾਂ ਦੇ ਯੋਗਦਾਨ ਨਾਲ 20 ਓਵਰਾਂ ’ਚ 9 ਵਿਕਟਾਂ ਦੇ ਗੁਆ ਕੇ 188 ਦੌੜਾਂ ਬਣਾਉਂਦਿਆਂ ਕੇ ਰਾਜਸਥਾਨ ਨੂੰ ਜਿੱਤ ਲਈ 189 ਦੌੜਾਂ ਦਾ ਟੀਚਾ ਦਿੱਤਾ ਸੀ। ਰਾਜਸਥਾਨ ਵੱਲੋਂ ਚੇਤਨ ਸਕਾਰੀਆ ਨੇ 3, ਕ੍ਰਿਸ ਮੌਰਿਸ ਨੇ 2 ਵਿਕਟਾਂ ਲਈਆਂ ਜਦਕਿ ਰਾਹੁਲ ਤਵੇਤੀਆ ਤੇ ਮੁਸਤਫੀਜ਼ੁਰ ਨੂੰ ਇੱਕ-ਇੱਕ ਵਿਕਟ ਮਿਲੀ।