ਬੀਕਾਨੇਰ/ਜੰਮੂ, 21 ਮਾਰਚ
ਰਾਜਸਥਾਨ ਦੇ ਅਨੂਪਗੜ੍ਹ ’ਚ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਇੱਕ ਵਿਅਕਤੀ ਬੀਐਸਐੱਫ ਦੀ ਗੋਲੀ ਲੱਗਣ ਕਾਰਨ ਮਾਰਿਆ ਗਿਆ। ਸਰਕਾਰੀ ਬਿਆਨ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਵਾਪਰੀ। ਬੀਐੱਸਐੱਫ ਦੇ ਜਵਾਨਾਂ ਵੱਲੋਂ ਘੁਸਪੈਠੀਏ ਨੂੰ ਲਲਕਾਰੇ ਜਾਣ ਮਗਰੋਂ ਉਸ ਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਲੱਗਣ ਕਾਰਨ ਉਹ ਮਾਰਿਆ ਗਿਆ। ਉਸ ਦੀ ਲਾਸ਼ ਬੀਕਾਨੇਰ ਦੇ ਅਨੂਪਗੜ੍ਹ ਪੁਲੀਸ ਸਟੇਸ਼ਨ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕਰ ਲਿਆ। ਬੀਐੱਸਐੱਫ ਦੇ ਤਰਜਮਾਨ ਨੇ ਕਿਹਾ ਕਿ ਸ਼ਨਿਚਰਵਾਰ ਦੇਰ ਰਾਤ ਪਾਕਿਸਤਾਨੀ ਨਾਗਰਿਕ ਕੰਡਿਆਲੀ ਤਾਰ ਟੱਪ ਕੇ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। -ਪੀਟੀਆਈ