ਨਵੀਂ ਦਿੱਲੀ: ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਫਿਰੌਤੀ ਦੇ ਕੇਸ ਵਿਚ ਬੌਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਤੋਂ ਪੁੱਛਗਿੱਛ ਕੀਤੀ ਹੈ। ਨੋਰਾ ਨੂੰ ਪਿਛਲੇ ਹਫ਼ਤੇ ਸੰਮਨ ਭੇਜੇ ਗਏ ਸਨ। ਉਸ ਤੋਂ ਸ਼ੁੱਕਰਵਾਰ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਨੋਰਾ ਦੇ ਬਿਆਨ ਦਰਜ ਕਰ ਲਏ ਗਏ ਹਨ। ਚੰਦਰਸ਼ੇਖਰ ਫ਼ਿਲਹਾਲ ਜੇਲ੍ਹ ਵਿਚ ਹੈ ਤੇ ਉਸ ’ਤੇ ਕਈ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹਨ। ਇਨ੍ਹਾਂ ਵਿਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਦੀ ਪਤਨੀ ਆਦਿਤੀ ਸਿੰਘ ਵੀ ਸ਼ਾਮਲ ਹੈ। ਫਤੇਹੀ ਤੋਂ ਪਹਿਲਾਂ ਇਸ ਕੇਸ ਵਿਚ ਈਡੀ ਵੀ ਪੁੱਛਗਿੱਛ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਇਸ ਕੇਸ ਵਿਚ ਅਦਾਕਾਰਾ ਜੈਕਲੀਨ ਫਰਨਾਂਡੇਜ਼ ਨੂੰ ਮੁਲਜ਼ਮ ਵਜੋਂ ਦਰਜ ਕੀਤਾ ਹੈ। ਈਡੀ ਮੁਤਾਬਕ ਨੋਰਾ ਤੇ ਫਰਨਾਂਡੇਜ਼ ਨੇ ਚੰਦਰਸ਼ੇਖਰ ਤੋਂ ਲਗਜ਼ਰੀ ਕਾਰਾਂ ਤੇ ਕਈ ਹੋਰ ਤੋਹਫ਼ੇ ਲਏ ਹਨ। -ਪੀਟੀਆਈ