ਨਵੀਂ ਦਿੱਲੀ, 3 ਫਰਵਰੀ
ਪੌਪ ਸਟਾਰ ਰਿਹਾਨਾ ਦੇ ਬਿਆਨ ਮਗਰੋਂ ਹੋਰ ਹਸਤੀਆਂ ਵੀ ਕਿਸਾਨਾਂ ਦੀ ਪਿੱਠ ’ਤੇ ਆ ਗਈਆਂ ਹਨ। ਸਾਫ਼-ਸੁਥਰੇ ਵਾਤਾਵਰਨ ਲਈ ਆਵਾਜ਼ ਬੁਲੰਦ ਕਰਨ ਵਾਲੀ ਕਿਸ਼ੋਰ ਕਾਰਕੁਨ ਗ੍ਰੇਟਾ ਥੁਨਬਰਗ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਗਾਇਕਾ ਜੇਅ ਸੀਨ, ਡਾਕਟਰ ਜ਼ਿਊਸ, ਬਾਲਗ ਫਿਲਮਾਂ ਦੀ ਸਾਬਕਾ ਸਟਾਰ ਮੀਆ ਖਲੀਫ਼ਾ, ਹੌਲੀਵੁੱਡ ਸਟਾਰ ਜੌਹਨ ਕੁਸੈਕ ਸਮੇਤ ਹੋਰ ਕੌਮਾਂਤਰੀ ਹਸਤੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਹੁਣ ਟਵਿੱਟਰ ’ਤੇ ‘ਹੈਸ਼ਟੈਗ ਫਾਰਮਰਜ਼ ਪ੍ਰੋਟੈਸਟ ਇਨ ਇੰਡੀਆ’ ਮਸ਼ਹੂਰ ਹੋ ਗਿਆ ਹੈ ਅਤੇ ਲੋਕ ਕਿਸਾਨਾਂ ਨਾਲ ਆਪਣੀ ਇਕਜੁੱਟਤਾ ਪ੍ਰਗਟਾਵਾ ਕਰ ਰਹੇ ਹਨ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕੌਮਾਂਤਰੀ ਹਸਤੀਆਂ ਅਤੇ ਹੋਰ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦਾ ਪਤਾ ਲਗਾ ਲੈਣ। ਥੁਨਬਰਗ ਨੇ ਟਵੀਟ ਕਰਕੇ ਕਿਹਾ,‘‘ਅਸੀਂ ਭਾਰਤ ’ਚ ਕਿਸਾਨ ਅੰਦੋਲਨ ਨਾਲ ਆਪਣੀ ਇਕਜੁੱਟਤਾ ਪ੍ਰਗਟਾਉਂਦਿਆਂ ਉਨ੍ਹਾਂ ਨਾਲ ਖੜ੍ਹੇ ਹਾਂ।’’ ਉਸ ਨੇ ਸੀਐੱਨਐੱਨ ਨਿਊਜ਼ ਦੀ ਰਿਪੋਰਟ ਵੀ ਨੱਥੀ ਕੀਤੀ ਹੈ ਜਿਸ ਦੀ ਸੁਰਖੀ ਹੈ,‘ਭਾਰਤ ਨੇ ਅੰਦੋਲਨਕਾਰੀ ਕਿਸਾਨਾਂ ਅਤੇ ਪੁਲੀਸ ਵਿਚਕਾਰ ਝੜਪ ਮਗਰੋਂ ਦਿਲੀ ਦੇ ਆਲੇ-ਦੁਆਲੇ ਇੰਟਰਨੈੱਟ ਬੰਦ ਕਰ ਦਿੱਤਾ ਹੈ।’ ਅਮਰੀਕੀ ਵਕੀਲ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਕਿਹਾ,‘‘ਇਹ ਇਤਫ਼ਾਕ ਨਹੀਂ ਹੈ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਜਮਹੂਰੀਅਤ ’ਤੇ ਹਮਲੇ ਨੂੰ ਇਕ ਮਹੀਨਾ ਵੀ ਨਹੀਂ ਬੀਤੀਆ ਹੈ ਤਾਂ ਸਭ ਤੋਂ ਵਧੇਰੇ ਆਬਾਦੀ ਵਾਲੇ ਲੋਕਤੰਤਰ ’ਚ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਹੈ।’’ ਮੀਨਾ ਨੇ ਟਵੀਟ ਕਰਕੇ ਕਿਹਾ ਕਿ ਭਾਰਤ ’ਚ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਨੀਮ ਫ਼ੌਜੀ ਬਲਾਂ ਦੀ ਹਿੰਸਾ ਅਤੇ ਇੰਟਰਨੈੱਟ ਬੰਦ ਕੀਤੇ ਜਾਣ ’ਤੇ ਸਾਰਿਆਂ ਨੂੰ ਨਾਰਾਜ਼ਗੀ ਜਤਾਉਣੀ ਚਾਹੀਦੀ ਹੈ।
ਵਿਦੇਸ਼ੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਤੋਂ ਹੱਕੇ-ਬੱਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸੰਖੇਪ ਬਿਆਨ ’ਚ ਕਿਹਾ ਕਿ ਮੁਲਕ ਦੇ ਕੁਝ ਹਿੱਸੇ ’ਚ ਕਿਸਾਨਾਂ ਦੇ ਛੋਟੇ ਧੜੇ ਵੱਲੋਂ ਖੇਤੀ ਸੁਧਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੰਦੋਲਨ ਬਾਰੇ ਕੋਈ ਬਿਆਨ ਦੇਣ ਤੋਂ ਪਹਿਲਾਂ ਮਸਲੇ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੀ ਲੋੜ ਹੈ। ਬਿਆਨ ’ਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਹੈਸ਼ਟੈਗਾਂ ਅਤੇ ਬਿਆਨਾਂ ਨੂੰ ਸਨਸਨੀਖ਼ੇਜ਼ ਬਣਾਉਣਾ ਨਾ ਤਾਂ ਸਹੀ ਹੈ ਅਤੇ ਨਾ ਹੀ ਇਹ ਜ਼ਿੰਮੇਵਾਰਾਨਾ ਕਦਮ ਹੈ। ਭਾਰਤ ਦੀ ਗ੍ਰੇਟਾ ਥੁਨਬਰਗ ਵਜੋਂ ਜਾਣੀ ਜਾਂਦੀ 9 ਸਾਲ ਦੀ ਵਾਤਾਵਰਨ ਕਾਰਕੁਨ ਲਿਸੀਪ੍ਰਿਯਾ ਕਨਗੁੰਜਮ ਨੇ ਥੁਨਬਰਗ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਿਹਾ ਸੀ। ਉਸ ਨੇ ਟਵੀਟ ਕਰਕੇ ਕਿਹਾ ਸੀ ਕਿ ਕਿਸਾਨ ਪਹਿਲਾਂ ਹੀ ਵਾਤਾਵਰਨ ਸੰਕਟ ਨੂੰ ਲੈ ਕੇ ਲੜਾਈ ਲੜ ਰਹੇ ਹਨ ਅਤੇ ਲੱਖਾਂ ਭਾਰਤੀ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਸੀ ਕਿ ਆਪਣੇ ਹੱਕਾਂ ਲਈ ਚੱਲ ਰਿਹਾ ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸਕ ਅੰਦੋਲਨ ਹੈ। ਇਕ ਹੋਰ ਟਵੀਟ ’ਚ ਉਸ ਨੇ ਕਿਹਾ,‘‘ਪਿਆਰੇ ਦੋਸਤੋ, ਸਾਡੇ ਲੱਖਾਂ ਗਰੀਬ ਕਿਸਾਨ ਠੰਢ ਦੇ ਮੌਸਮ ’ਚ ਸੜਕਾਂ ’ਤੇ ਸੌਂ ਰਹੇ ਹਨ। ਉਹ ਤੁਹਾਡੇ ਤੋਂ ਜ਼ਿਆਦਾ ਦੀ ਆਸ ਨਹੀਂ ਰਖਦੇ, ਬੱਸ ਤੁਹਾਡੇ ਪਿਆਰ ਅਤੇ ਹਮਾਇਤ ਦਾ ਇਕ ਟਵੀਟ ਉਨ੍ਹਾਂ ਦੇ ਅੰਦੋਲਨ ਲਈ ਮਾਇਨੇ ਰਖਦਾ ਹੈ। ਸਾਡੀਆਂ ਭਾਰਤੀ ਹਸਤੀਆਂ ਤਾਂ ਆਪਣੀ ਅਹਿਮੀਅਤ ਗੁਆ ਚੁੱਕੀਆਂ ਹਨ।’’ ਯੁਗਾਂਡਾ ਦੀ ਵਾਤਾਵਰਨ ਕਾਰਕੁਨ ਵੈਨੇਸਾ ਨਕਾਤੇ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਰੈਪਰ ਡਾਕਟਰ ਜ਼ਿਊਸ ਉਰਫ਼ ਬਲਜੀਤ ਸਿੰਘ ਪਦਮ ਨੇ ਰਿਹਾਨਾ ਦੇ ਟਵੀਟ ’ਤੇ ਲਿਖਿਆ ਕਿ ਕਿਸਾਨ ਅੰਦੋਲਨ ਦੀ ਚਰਚਾ ਨਾ ਹੋਣ ਤੋਂ ਦੁਨੀਆ ਹੈਰਾਨ ਹੈ। ਯੂਟਿਊਬ ਸਟਾਰ ਲਿੱਲੀ ਸਿੰਘ ਨੇ ਅੰਦੋਲਨ ਨੂੰ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਲਿਆਉਣ ਲਈ ਰਿਹਾਨਾ ਦਾ ਧੰਨਵਾਦ ਕੀਤਾ ਹੈ। ਅਮਰੀਕਾ ਆਧਾਰਿਤ ਫਿਲਮਸਾਜ਼ ਅਤੇ ‘ਲੰਚਬਾਕਸ’ ਤੇ ‘ਫੋਟੋਗ੍ਰਾਫ਼ ਜਿਹੀਆਂ ਫਿਲਮਾਂ ਬਣਾਉਣ ਵਾਲੇ ਰਿਤੇਸ਼ ਬੱਤਰਾ ਨੇ ਕਿਹਾ ਕਿ ਹੁਣ ਪੂਰੀ ਦੁਨੀਆ ਭਾਰਤ ’ਚ ਹੋ ਰਹੇ ਕਿਸਾਨ ਅੰਦੋਲਨ ਨੂੰ ਗਹੁ ਨਾਲ ਦੇਖ ਰਹੀ ਹੈ। -ਪੀਟੀਆਈ
ਕੰਗਨਾ ਨੇ ਥੁਨਬਰਗ ਨੂੰ ‘ਵਿਗੜੀ ਛੋਕਰੀ’ ਦੱਸਿਆ
ਮੁੰਬਈ: ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਮਗਰੋਂ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਉਸ ਨੂੰ ਨਾਸਮਝ ਅਤੇ ਵਿਗੜੀ ਛੋਕਰੀ ਕਰਾਰ ਦਿੱਤਾ ਹੈ। ਗ੍ਰੇਟਾ ਦੇ ਟਵੀਟ ਦਾ ਜਵਾਬ ਦਿੰਦਿਆਂ ਕੰਗਨਾ ਨੇ ਟਵਿੱਟਰ ’ਤੇ ਲਿਖਿਆ ਕਿ ਕੋਈ ਵੀ ਉੱਘਾ ਕਾਰਕੁਨ ਜਾਇਜ਼ ਵਾਤਾਵਰਨ ਮਾਹਿਰ ਸਾਡੀ ਆਪਣੀ ‘ਦਾਦੀ ਅੰਮਾ’ ਬਾਰੇ ਗੱਲ ਨਹੀਂ ਕਰੇਗਾ ਪਰ ਉਹ ਨਾਸਮਝ ਅਤੇ ਵਿਗੜੀ ਛੋਕਰੀ ਨੂੰ ਯਕੀਨੀ ਤੌਰ ’ਤੇ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਗ੍ਰੇਟਾ ਥੁਨਬਰਗ ਨੂੰ ਖੱਬੇ ਪੱਖੀ ਲੌਬੀ ਵੱਲੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਦੀ ਇਵਜ਼ ’ਚ ਉਸ ਦਾ ਪੜ੍ਹਾਈ ਅਤੇ ਸਕੂਲ ਤੋਂ ਖਹਿੜਾ ਛੁੱਟ ਜਾਂਦਾ ਹੈ। ਉਸ ਨੇ ਪਦਮਸ੍ਰੀ ਨਾਲ ਸਨਮਾਨਿਤ ਕੋਇੰਬਟੂਰ ਦੀ ਆਰਗੈਨਿਕ ਖੇਤੀ ਕਰਨ ਵਾਲੀ 105 ਸਾਲਾਂ ਦੀ ਆਰ ਪੱਪਾਅਮਾਲ ਦਾ ਜ਼ਿਕਰ ਕਰਦਿਆਂ ਉਸ ਨੂੰ ਦਾਦੀ ਦੱਸਿਆ ਹੈ। -ਆਈਏਐਨਐਸ
ਅਕਸ਼ੈ, ਅਜੈ, ਜੌਹਰ ਅਤੇ ਸ਼ੈੱਟੀ ਨੇ ਸਰਕਾਰ ਦਾ ਪੱਖ ਪੂਰਿਆ
ਮੁੰਬਈ: ਬੌਲੀਵੁੱਡ ਹਸਤੀਆਂ ਅਕਸ਼ੈ ਕੁਮਾਰ, ਅਜੈ ਦੇਵਗਨ, ਸੁਨੀਲ ਸ਼ੈੱਟੀ ਅਤੇ ਫਿਲਮਸਾਜ਼ ਕਰਨ ਜੌਹਰ ਨੇ ਅੱਜ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਧਿਆਨ ਕੇਂਦਰਤ ਕਰਨ। ਉਨ੍ਹਾਂ ਕਿਹਾ ਹੈ ਕਿ ਲੋਕ ‘ਅੱਧਾ ਸੱਚ’ ਦਿਖਾਉਣ ਅਤੇ ‘ਵੰਡੀਆਂ ਪਾਉਣ’ ਵਾਲਿਆਂ ਵੱਲ ਧਿਆਨ ਨਾ ਦੇਣ। ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਸਾਂਝਾ ਕਰਦਿਆਂ ਅਕਸ਼ੈ ਨੇ ਕਿਹਾ ਕਿ ਸਰਕਾਰ ਵੱਲੋਂ ਮਸਲਾ ਹੱਲ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਜੱਗ ਜ਼ਾਹਰ ਹਨ। ਉਨ੍ਹਾਂ ਕਿਹਾ,‘‘ਕਿਸਾਨ ਸਾਡੇ ਮੁਲਕ ਦਾ ਬਹੁਤ ਅਹਿਮ ਹਿੱਸਾ ਹਨ। ਸਾਨੂੰ ਸਾਰਿਆਂ ਨੂੰ ਹੋਰ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਢੁੱਕਵੇਂ ਹੱਲ ਦੀ ਹਮਾਇਤ ਕਰਨੀ ਚਾਹੀਦੀ ਹੈ।’’ ਅਜੈ ਦੇਵਗਨ ਨੇ ਲੋਕਾਂ ਨੂੰ ਭਾਰਤੀ ਨੀਤੀਆਂ ਜਾਂ ਭਾਰਤ ਖ਼ਿਲਾਫ਼ ਝੂਠੇ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ ਹੈ। ਕਰਨ ਜੌਹਰ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਮੁਲਕ ਨੂੰ ਨਾ ਵੰਡ ਸਕੇ। ਸੁਨੀਲ ਸ਼ੈੱਟੀ ਨੇ ਕਿਹਾ ਕਿ ਅੱਧਾ ਸੱਚਾ ਦਿਖਾਉਣ ਤੋਂ ਖ਼ਤਰਨਾਕ ਕੁਝ ਵੀ ਨਹੀਂ ਹੈ। ਗਾਇਕ ਕੈਲਾਸ਼ ਖੇਰ ਨੇ ਕਿਹਾ ਕਿ ਮੁਲਕ ਨੂੰ ਬਦਨਾਮ ਕਰਨ ਲਈ ਭਾਰਤ ਵਿਰੋਧੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। -ਪੀਟੀਆਈ