ਨਵੀਂ ਦਿੱਲੀ, 2 ਜੂਨ
ਕਰੀਬ ਇਕ ਮਹੀਨਾ ਪਹਿਲਾਂ ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਦੀ ਪੜਚੋਲ ਕਰਨ ਲਈ ਬਣੀ ਕਮੇਟੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪ ਦਿੱਤੀ ਹੈ। ਸ੍ਰੀ ਅਸ਼ੋਕ ਚਵਾਨ ਦੀ ਅਗਵਾਈ ਹੇਠ ਬਣੀ ਕਮੇਟੀ ’ਚ ਸਲਮਾਨ ਖੁਰਸ਼ੀਦ, ਮਨੀਸ਼ ਤਿਵਾੜੀ, ਵਿਨਸੈਂਟ ਪਾਲ ਅਤੇ ਜੋਤੀ ਮਣੀ ਮੈਂਬਰ ਵਜੋਂ ਸ਼ਾਮਲ ਸਨ। ਸੂਤਰਾਂ ਨੇ ਕਿਹਾ ਕਿ ਕਮੇਟੀ ਨੇ ਆਪਣੀ ਰਿਪੋਰਟ ’ਚ ਪਾਰਟੀ ਅੰਦਰ ਅੰਦਰੂਨੀ ਟਕਰਾਅ, ਗੱਠਜੋੜ ਅਤੇ ਉਮੀਦਵਾਰਾਂ ਦੀ ਚੋਣ ’ਚ ਖਾਮੀਆਂ ਨੂੰ ਹਾਰ ਦਾ ਮੁੱਖ ਕਾਰਨ ਦੱਸਿਆ ਹੈ। ਕਮੇਟੀ ਨੇ ਕਿਹਾ ਕਿ ਸਾਰੇ ਸੂਬਿਆਂ ’ਚ ਅੰਦਰੂਨੀ ਕਲੇਸ਼ ਸੀ। ਕੇਰਲਾ ’ਚ ਤਾਂ ਓਮਨ ਚਾਂਡੀ ਅਤੇ ਰਮੇਸ਼ ਚੈਨੀਥਲਾ ਦੀ ਅਗਵਾਈ ਹੇਠ ਕਾਂਗਰਸ ਦੇ ਦੋ ਧੜੇ ਬਣੇ ਹੋਏ ਸਨ। ਅਸਾਮ ’ਚ ਕਈਆਂ ਨੇ ਏਆਈਯੂਡੀਐੱਫ ਨਾਲ ਗੱਠਜੋੜ ਨੂੰ ਹਾਰ ਲਈ ਦੋਸ਼ੀ ਠਹਿਰਾਇਆ ਜਦਕਿ ਕੁਝ ਨੇ ਪਾਰਟੀ ਮਾਮਲਿਆਂ ਦੇ ਇੰਚਾਰਜ ਜਿਤੇਂਦਰ ਸਿੰਘ ’ਤੇ ਸੂਬੇ ਦੇ ਹੋਰ ਆਗੂਆਂ ਨੂੰ ਨਾਲ ਲੈ ਕੇ ਨਾ ਚੱਲਣ ਦੇ ਦੋਸ਼ ਲਾਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅੱਪਰ ਅਸਾਮ ਦੇ ਮੁੱਦਿਆਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਕਮੇਟੀ ਨੂੰ ਦੱਸਿਆ ਗਿਆ ਕਿ ਪੱਛਮੀ ਬੰਗਾਲ ’ਚ ਸੀਪੀਐੱਮ ਨਾਲ ਗੱਠਜੋੜ ਦੇਰੀ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਭਾਜਪਾ ਅਤੇ ਟੀਐੱਮਸੀ ਵਿਚਕਾਰ ਧਰੁਵੀਕਰਨ ਕਰਕੇ ਵੀ ਕਾਂਗਰਸ ਦੇ ਮਨਸੂਬੇ ਮਿੱਟੀ ’ਚ ਮਿਲ ਗਏ।
ਸੂਤਰਾਂ ਨੇ ਕਿਹਾ ਕਿ ਕਾਂਗਰਸ ਦਾ ਮੀਡੀਆ ਪ੍ਰਬੰਧਨ ਵੀ ਹੋਰ ਪਾਰਟੀਆਂ ਦੇ ਮੁਕਾਬਲੇ ’ਚ ਬਹੁਤ ਮਾੜਾ ਸੀ। ਕਾਂਗਰਸ ਕਮੇਟੀ ਨੇ ਪੰਜ ਸੂਬਿਆਂ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕੁਝ ਸਿਫਾਰਿਸ਼ਾਂ ਕੀਤੀਆਂ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਅਧਿਐਨ ਕਰਨ ਲਈ 11 ਮਈ ਨੂੰ ਕਮੇਟੀ ਬਣਾਈ ਸੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੇਰਲਾ ਤੇ ਅਸਾਮ ’ਚ ਵਿਰੋਧੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਿਉਂ ਨਹੀਂ ਕੀਤਾ ਜਾ ਸਕਿਆ ਅਤੇ ਪੱਛਮੀ ਬੰਗਾਲ ’ਚ ਪਾਰਟੀ ਦਾ ਖਾਤਾ ਕਿਉਂ ਨਹੀਂ ਖੁੱਲ੍ਹ ਸਕਿਆ। -ਆਈਏਐਨਐਸ