ਨਵੀਂ ਦਿੱਲੀ, 10 ਮਾਰਚ
ਦਿੱਲੀ ਹਾਈ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ (60) ਨੂੰ ਜਾਰੀ ਸੰਮਨਾਂ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਡਿਵੀਜ਼ਨ ਬੈਂਚ ਨੇ ਕੇਸ ਦੀ ਸੁਣਵਾਈ 18 ਮਾਰਚ ਤੱਕ ਮੁਲਤਵੀ ਕਰਦਿਆਂ ਈਡੀ ਨੂੰ ਹਦਾਇਤ ਕੀਤੀ ਕਿ ਉਹ ਮਹਬਿੂਬਾ ਨੂੰ 15 ਮਾਰਚ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਦਬਾਅ ਨਾ ਬਣਾਏ। ਪੀਡੀਪੀ ਆਗੂ ਨੇ ਈਡੀ ਵੱਲੋਂ 15 ਮਾਰਚ ਨੂੰ ਤਲਬ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਸ ਜਾਂਚ ਦੇ ਸਿਲਸਿਲੇ ’ਚ ਸੱਦਿਆ ਜਾ ਰਿਹਾ ਹੈ। ਮਹਬਿੂਬਾ ਦੀ ਧੀ ਇਲਤਿਜਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਸੰਮਨ ਰੱਦ ਕਰਨ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ। ਇਹ ਸੰਮਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਵਾਲੇ ਐਕਟ ਤਹਿਤ ਜਾਰੀ ਕੀਤੇ ਗਏ ਸਨ ਪਰ ਨੋਟਿਸ ’ਚ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਮਗਰੋਂ ਮਹਬਿੂਬਾ ਨੂੰ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਸਾਲ ਹੀ ਉਸ ਨੂੰ ਰਿਹਾਅ ਕੀਤਾ ਗਿਆ ਸੀ।
-ਪੀਟੀਆਈ