ਮੁੰਬਈ: ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਖ਼ਿਲਾਫ਼ ਦੇਸ਼ਧ੍ਰੋਹ ਤੇ ਹੋਰ ਦੋਸ਼ਾਂ ਤਹਿਤ ਕਾਰਵਾਈ ’ਤੇ ਬੰਬੇ ਹਾਈ ਕੋਰਟ ਨੇ 25 ਜਨਵਰੀ ਤੱਕ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਐਫਆਈਆਰ ਤਹਿਤ ਕਾਰਵਾਈ ਤੋਂ ਰਣੌਤ ਨੂੰ ਅੰਤ੍ਰਿਮ ਰਾਹਤ ਦਿੱਤੀ ਹੈ ਤੇ ਉਸ ਖ਼ਿਲਾਫ਼ ਕਿਸੇ ਸਖ਼ਤ ਕਾਰਵਾਈ ਤੋਂ ਪੁਲੀਸ ਨੂੰ ਰੋਕ ਦਿੱਤਾ ਹੈ। ਹਾਈ ਕੋਰਟ ਨੇ ਨਾਲ ਹੀ ਹੁਕਮ ਦਿੱਤਾ ਹੈ ਕਿ ਦੋਵਾਂ ਨੂੰ 25 ਤੱਕ ਪੁੱਛਗਿੱਛ ਲਈ ਨਾ ਸੱਦਿਆ ਜਾਵੇ। ਰਣੌਤ ਤੇ ਉਸ ਦੀ ਭੈਣ ਬਾਂਦਰਾ ਪੁਲੀਸ (ਮੁੰਬਈ) ਅੱਗੇ 8 ਜਨਵਰੀ ਨੂੰ ਪੇਸ਼ ਹੋਈਆਂ ਸਨ ਤੇ ਇਸ ਕੇਸ ਵਿਚ ਬਿਆਨ ਦਰਜ ਕਰਵਾਇਆ ਸੀ। ਦੱਸਣਯੋਗ ਹੈ ਕਿ ਦੋਵਾਂ ’ਤੇ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਤੇ ਫ਼ਿਰਕੂ ਤਣਾਅ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ। ਬਾਂਦਰਾ ਮੈਜਿਸਟਰੇਟ ਅਦਾਲਤ ਨੇ ਹੁਕਮ ਦੇ ਕੇ ਰਣੌਤ ਤੇ ਰੰਗੋਲੀ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਸਨ। -ਪੀਟੀਆਈ