ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਰਿਦੁਆਰ ਧਰਮ ਸੰਸਦ ਵਿੱਚ ਮੁਸਲਿਮ ਭਾਈਚਾਰੇ ਖਿਲਾਫ਼ ਕਥਿਤ ਭੜਕਾਊ ਟਿੱਪਣੀਆਂ ਕਰਨ ਵਾਲੇ ਮੁਲਜ਼ਮ ਜਿਤੇਂਦਰ ਨਰਾਇਣ ਤਿਆਗੀ ਨੂੰ ਮੈਡੀਕਲ ਆਧਾਰ ’ਤੇ ਤਿੰਨ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਜੈ ਰਸਤੋਗੀ ਤੇ ਜਸਟਿਸ ਵਿਕਰਮ ਨਾਥ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਤਿਆਗੀ, ਜਿਸ ਨੂੰ ਪਹਿਲਾਂ ਵਸੀਮ ਰਿਜ਼ਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਨੂੰ ਹਲਫ਼ਨਾਮਾ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ ਕਿ ਉਹ ਕਿਸੇ ਨਫ਼ਰਤੀ ਤਕਰੀਰ ’ਚ ਸ਼ਾਮਲ ਨਹੀਂ ਹੋਵੇਗਾ ਅਤੇ ਨਾ ਹੀ ਇਲੈਕਟ੍ਰੋਨਿਕ ਜਾਂ ਡਿਜੀਟਲ ਜਾਂ ਫਿਰ ਸੋਸ਼ਲ ਮੀਡੀਆ ’ਤੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਦੇਵੇਗਾ। ਉੱਤਰਾਖੰਡ ਹਾਈ ਕੋਰਟ ਵੱਲੋਂ ਮਾਰਚ ਮਹੀਨੇ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਤਿਆਗੀ ਨੇ ਸਿਖਰਲੀ ਅਦਾਲਤ ਦਾ ਰੁਖ਼ ਕੀਤਾ ਸੀ। ਤਿਆਗੀ ਅਤੇ ਹੋਰਨਾਂ ਖਿਲਾਫ਼ ਨਦੀਮ ਅਲੀ, ਵਾਸੀ ਜਵਾਲਾਪੁਰ ਹਰਿਦੁਆਰ ਦੀ ਸ਼ਿਕਾਇਤ ’ਤੇ ਇਸ ਸਾਲ 2 ਜਨਵਰੀ ਨੂੰ ਹਰਿਦੁਆਰ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ