ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਤਾਲੋਜਾ ਜੇਲ੍ਹ ਸੁਪਰਟੈਂਡ ਨੂੰ ਨਿਰਦੇਸ਼ ਦਿੱਤੇ ਹਨ ਕਿ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਕਾਰਕੁਨ ਗੌਤਮ ਨਵਲੱਖਾ ਨੂੰ ਤੁਰੰਤ ਇਲਾਜ ਲਈ ਮੁੰਬਈ ਦੇ ਜਸਲੋਕ ਹਸਪਤਾਲ ’ਚ ਦਾਖ਼ਲ ਕਰਵਾਇਆ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ ਇਲਾਜ ਹਾਸਲ ਕਰਨਾ ਕੈਦੀ ਦਾ ਬੁਨਿਆਦੀ ਹੱਕ ਹੈ। ਜਸਟਿਸ ਕੇ ਐੱਮ ਜੋਸਫ ਅਤੇ ਰਿਸ਼ੀਕੇਸ਼ ਰੌਏ ਦੇ ਬੈਂਚ ਨੇ ਨਵਲੱਖਾ ਦੀ ਸਾਥੀ ਸਬਾ ਹੁਸੈਨ ਅਤੇ ਭੈਣ ਨੂੰ ਹਸਪਤਾਲ ’ਚ ਉਸ ਨਾਲ ਮਿਲਣ ਦੀ ਵੀ ਇਜਾਜ਼ਤ ਦਿੱਤੀ ਹੈ। ਬੈਂਚ ਨੇ ਕਿਹਾ,‘‘ਸਾਰੀਆਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਮਗਰੋਂ ਸਾਡੇ ਵਿਚਾਰ ਨਾਲ ਇਲਾਜ ਮਿਲਣਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਪਟੀਸ਼ਨਰ ਨੂੰ ਫੌਰੀ ਮੈਡੀਕਲ ਚੈਕਅੱਪ ਲਈ ਲਿਜਾਇਆ ਜਾਵੇ। ਅਸੀਂ ਤਾਲੋਜਾ ਜੇਲ੍ਹ ਦੇ ਸੁਪਰਡੈਂਟ ਨੂੰ ਨਿਰਦੇਸ਼ ਦਿੰਦੇ ਹਾਂ ਕਿ ਪਟੀਸ਼ਨਰ ਨੂੰ ਜਸਲੋਕ ਹਸਪਤਾਲ ਲਿਜਾਇਆ ਜਾਵੇ ਤਾਂ ਜੋ ਉਸ ਦਾ ਲੋੜੀਂਦਾ ਮੈਡੀਕਲ ਚੈਕਅੱਪ ਹੋ ਸਕੇ ਅਤੇ ਇਲਾਜ ਮਿਲ ਸਕੇ। ਅਸੀਂ ਸਪੱਸ਼ਟ ਕਰਦੇ ਹਾਂ ਕਿ ਪਟੀਸ਼ਨਰ ਪੁਲੀਸ ਹਿਰਾਸਤ ’ਚ ਹੀ ਰਹੇਗਾ।’’ ਜ਼ਿਕਰਯੋਗ ਹੈ ਕਿ 70 ਵਰ੍ਹਿਆਂ ਦੇ ਨਵਲੱਖਾ ਨੇ ਬੰਬੇ ਹਾਈ ਕੋਰਟ ਵੱਲੋਂ ਘਰ ’ਚ ਨਜ਼ਰਬੰਦ ਕਰਨ ਦੀ ਅਰਜ਼ੀ ਰੱਦ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਪਾਈ ਸੀ। -ਪੀਟੀਆਈ